ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਬਾਰਡਰ 2’ ਦੀ ਰਿਲੀਜ਼ ਤਰੀਕ ਦਾ ਖੁਲਾਸਾ ਹੋ ਗਿਆ ਹੈ। ‘ਬਾਰਡਰ 2’ ਹੁਣ 23 ਜਨਵਰੀ, 2026 ਨੂੰ ਰਿਲੀਜ਼ ਹੋਵੇਗੀ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦੇਈਏ ਕਿ ਦਿਲਜੀਤ ਇਸ ਫਿਲਮ ਵਿਚ ਸ਼ਹੀਦ ਨਿਰਮਲ ਸਿੰਘ ਸੇਖੋਂ ਦੀ ਭੂਮਿਕਾ ਨਿਭਾ ਰਹੇ ਹਨ, ਜੋਕਿ ਭਾਰਤੀ ਹਵਾਈ ਫੌਜ ਦੇ ਇੱਕ ਬਹਾਦਰ ਪਾਇਲਟ ਸਨ ਤੇ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ।
ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ ਕੀਤਾ, ਜਿਸ ਵਿੱਚ ਉਹ ਨੀਲੇ ਰੰਗ ਦੀ ਏਅਰ ਫੋਰਸ ਵਰਦੀ ਵਿੱਚ ਦਿਖਾਈ ਦੇ ਰਹੇ ਹਨ। ਸੰਨੀ ਦਿਓਲ ਅਤੇ ਵਰੁਣ ਧਵਨ ਪਹਿਲਾਂ ਵੀ ਫਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ ਕਰ ਚੁੱਕੇ ਹਨ। ਦਿਲਜੀਤ ਦੋਸਾਂਝ ਇਸ ਫਿਲਮ ਵਿਚ ਪਾਇਲਟ ਦੀ ਵਰਦੀ ਵਿੱਚ ਵਿੱਚ ਦਿਖਾਈ ਦੇਣਗੇ, ਜੋ ਇੱਕ ਜੰਗ ਦੌਰਾਨ ਖੂਨ ਨਾਲ ਲੱਥਪੱਥ ਜੈੱਟ ਉਡਾਉਂਦੇ ਹੋਏ ਦਿਖ ਰਹੇ ਹਨ।

ਦਿਲਜੀਤ ਦੋਸਾਂਝ ਦੀ ਫਿਲਮ, ਬਾਰਡਰ 2, ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਸੀ, ਪਰ ਹੁਣ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਇਤਰਾਜ਼ਾਂ ਕਾਰਨ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਸੀ, ਪਰ ਨਿਰਮਾਤਾਵਾਂ ਦੀ ਅਪੀਲ ‘ਤੇ ਸੰਗਠਨ ਨੇ ਮਨਜ਼ੂਰੀ ਦੇ ਦਿੱਤੀ। ਰਿਲੀਜ਼ ਲਈ ਮਨਜ਼ੂਰੀ ਮਿਲਣ ਤੋਂ ਬਾਅਦ, ਦਿਲਜੀਤ ਦੋਸਾਂਝ ਨੇ ਫਿਲਮ ਦਾ ਪਹਿਲਾ-ਲੁੱਕ ਪੋਸਟਰ ਜਾਰੀ ਕੀਤਾ, ਜਿਸ ਨਾਲ ਫਿਲਮ ਦੁਬਾਰਾ ਸੁਰਖੀਆਂ ਵਿੱਚ ਆਈ। ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਪਸੰਦ ਕੀਤਾ ਹੈ ਅਤੇ ਇਸਨੂੰ ਇੱਕ ਚੰਗੀ ਫਿਲਮ ਹੋਣ ਦਾ ਦਾਅਵਾ ਕਰ ਰਹੇ ਹਨ।
‘ਬਾਰਡਰ-2’ ਕਲਾਸਿਕ ਬਾਰਡਰ (1997) ਦਾ ਸੀਕਵੈੱਲ ਹੈ। ਇਸ ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਵਿੱਚ ਹਵਾਈ ਫੌਜ, ਜ਼ਮੀਨੀ ਲੜਾਈਆਂ ਅਤੇ ਵੱਡੇ ਪੱਧਰ ‘ਤੇ ਜੰਗੀ ਦ੍ਰਿਸ਼ ਪੇਸ਼ ਕੀਤੇ ਗਏ ਹਨ। ਨਿਰਮਾਤਾਵਾਂ ਨੇ ਇਸਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿੱਚੋਂ ਇੱਕ ਦੱਸਿਆ ਹੈ।