ਕੋਲਕਾਤਾ, 13 ਫਰਵਰੀ
ਗਾਇਕ ਤੋਂ ਸਿਆਸਤਦਾਨ ਬਣੇ ਅਤੇ ਪੱਛਮੀ ਬੰਗਾਲ ਦੇ ਸੈਰ ਸਪਾਟਾ ਮੰਤਰੀ ਬਾਬੁਲ ਸੁਪੀਓ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਇਥੋਂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਾਬੁਲ ਸੁਪ੍ਰੀਓ ਨੂੰ ਐਤਵਾਰ ਸ਼ਾਮ ਤੋਂ ਹੀ ਬੇਚੈਨੀ ਮਹਿਸੂਸ ਹੋ ਰਹੀ ਸੀ ਪਰ ਸੋਮਵਾਰ ਸਵੇਰੇ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਜਿਸ ਮਗਰੋਂ ਉਸ ਨੂੰ ਦੱਖਣੀ ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਉਸ ਦੀ ਐਂਜੀਓਗ੍ਰਾਫੀ ਕੀਤੀ ਗਈ ਹੈ ਜੋ ਠੀਕ ਨਹੀਂ ਆਈ ਹੈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਅਜੇ ਮੰਤਰੀ ਨੂੰ ਦਵਾਈਆਂ ਦੇ ਰਹੀ ਹੈ ਅਤੇ ਉਸ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਬਾਬੁਲ ਸੁਪ੍ਰੀਓ ਭਾਜਪਾ ਦਾ ਆਸਨਸੋਲ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰ ਦੀ ਮੋਦੀ ਸਰਕਾਰ ’ਚ ਮੰਤਰੀ ਵੀ ਸੀ। ਉਸ ਨੇ 2021 ਦੀਆਂ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਫਿਰ ਉਹ ਤ੍ਰਿਣਮੂਲ ’ਚ ਸ਼ਾਮਲ ਹੋ ਗਿਆ ਸੀ।