ਭਵਾਨੀਗੜ੍ਹ, 3 ਅਗਸਤ
ਇੱਥੋਂ ਨੇੜਲੇ ਪਿੰਡ ਭੱਟੀਵਾਲ ਖੁਰਦ ਵਿੱਚ ਬਲਾਕ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਥਕ ਮੋਰਚਿਆਂ ਦੌਰਾਨ ਲਾਸਾਨੀ ਕੁਰਬਾਨੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ ਸਥਾਪਤ ਹੋਇਆ ਸੀ, ਪਰ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਬਾਦਲ ਪਰਿਵਾਰ ਦੀ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਟੀ ਦੇ ਪੰਥਕ ਜਜ਼ਬੇ ਅਤੇ ਜਮਹੂਰੀ ਢਾਂਚੇ ਨੂੰ ਤਹਿਸ ਨਹਿਸ ਕੀਤਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਲੀਲ ਕਰਨਾ ਉਸ ਦੀ ਆਦਤ ਬਣ ਗਈ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਖਬੀਰ ਦੀ ਨਕਾਰਾਤਮਕ ਸੋਚ ਨੇ ਪਾਰਟੀ ਅਤੇ ਪੰਜਾਬ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਰੀਮੋਟ ਨਾਲ ਕੰਟਰੋਲ ਕੀਤਾ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਫੈਲਿਆ ਭ੍ਰਿਸ਼ਟਾਚਾਰ ਇਸੇ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਿਰਸਾ ਡੇਰੇ ਦੇ ਮੁਖੀ ਨੂੰ ਮਾਫ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੇ ਗੰਭੀਰ ਮਸਲਿਆਂ ਦਾ ਜ਼ਿੰਮੇਵਾਰ ਵੀ ਬਾਦਲ ਪਰਿਵਾਰ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸ੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਕੰਟਰੋਲ ਤੋਂ ਮੁਕਤ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਇਸ ਮੌਕੇ ਭੱਟੀਵਾਲ ਖੁਰਦ ਦੇ ਸਾਬਕਾ ਸਰਪੰਚ ਧਨਮਿੰਦਰ ਸਿੰਘ ਬਾਦਲ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਏਐਮ ਗੁਰਬਚਨ ਸਿੰਘ ਬਚੀ, ਗੁਰਤੇਜ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਨਿਹਾਲ ਸਿੰਘ ਨੰਦਗੜ੍ਹ, ਜਸਵੀਰ ਸਿੰਘ ਸਰਪੰਚ ਨਰੈਣਗੜ੍ਹ, ਜਗਦੀਸ਼ ਸਿੰਘ ਬਲਿਆਲ ਆਦਿ ਹਾਜ਼ਰ ਸਨ।