ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ `ਤੇ ਵਰ੍ਹਦਿਆਂ ਕਿਹਾ ਹੈ ਕਿ ਸੂਬੇ ਦੀ ਪ੍ਰਗਤੀ ਦੇ ਮਾਮਲੇ `ਚ ਵੱਡੇ ਬਾਦਲ ਦਾ ਨਜ਼ਰੀਆ ਬੇਹੱਦ ਸੌੜਾ ਹੈ ਕਿਉਂਕਿ ਉਹ ਸਿਰਫ਼ ਆਪਣੇ ਹਲਕੇ ਲੰਬੀ ਦੇ ਵਿਕਾਸ ਦੀ ਹੀ ਮੰਗ ਕਰਦੇ ਰਹਿੰਦੇ ਹਨ। ਚੇਤੇ ਰਹੇ ਕਿ ਸ੍ਰੀ ਬਾਦਲ ਨੇ ਆਪਣੇ ਇੱਕ ਬਿਆਨ `ਚ ਕਿਹਾ ਸੀ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਆਉਣਾ ਹੈ, ਤਾਂ ਉਹ ਇੱਥੇ ਆ ਕੇ ਆਪਣੇ ਪਹਿਲਾਂ ਕੀਤੇ ਹੋਏ ਵਾਅਦੇ ਪੂਰੇ ਕਰਨ ਦਾ ਤੋਹਫ਼ਾ ਲੈ ਕੇ ਹੀ ਆਉਣ।
ਸ੍ਰੀ ਬਾਦਲ ਦੇ ਉਸੇ ਬਿਆਨ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਨ `ਚ ਲੰਬੀ ਦੇ ਨਾਗਰਿਕਾਂ ਪ੍ਰਤੀ ਬਹੁਤ ਸਤਿਕਾਰ ਹੈ ਪਰ ਉਨ੍ਹਾਂ ਨੇ ਮੁੱਖ ਮੰਤਰੀ ਹੋਣ ਦੇ ਨਾਤੇ ਸਿਰਫ਼ ਲੰਬੀ ਦਾ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦਾ ਖਿ਼ਆਲ ਰੱਖਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ `ਚ ਸਿਰਫ਼ ਲੰਬੀ ਹਲਕਾ ਹੀ ਦਿਸਦਾ ਹੈ, ਜਿੱਥੇ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਰਅਸਲ, ਵੱਡੇ ਬਾਦਲ ਹੁਣ ਆਪਣੀਆਂ ਪਿਛਲੇ 10 ਵਰ੍ਹਿਆਂ ਦੀਆਂ ਗ਼ਲਤੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਹੀ ਗੁੰਮਰਾਹ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਬਾਦਲ ਹੁਰਾਂ ਨੇ ਸਿਰਫ਼ ਲੰਬੀ ਖੇਤਰ ਲਈ ਹੀ ਤੋਹਫ਼ੇ ਮੰਗੇ ਹਨ; ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਬਾਕੀ ਸੂਬੇ ਦੀ ਕੋਈ ਪਰਵਾਹ ਨਹੀਂ ਹੈ।
ਪੱਤਰਕਾਰਾਂ ਨੇ ਮੁੱਖ ਮੰਤਰੀ ਤੋਂ ਸੁਆਲ ਕੀਤਾ ਕਿ ਉਨ੍ਹਾਂ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦਿਆਂ ਬਾਰੇ ਕੀ ਕਹਿਣਾ ਚਾਹੁੰਦੀ ਹ, ਤਾਂ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਸੀ ਕਿ ਸਰਕਾਰ ਦੇ ਸੱਤਾ `ਚ ਆਉਣ ਦੇ ਦੋ ਦਿਨਾਂ ਅੰਦਰ ਮੰਤਰੀ ਮੰਡਲ ਨੇ 117 ਫ਼ੈਸਲੇ ਮਨਜ਼ੂਰ ਕੀਤੇ ਸਨ, ਉਹ ਸਾਰੇ ਫ਼ੈਸਲੇ ਦਰਅਸਲ ਕਾਂਗਰਸੀ ਮੈਨੀਫ਼ੈਸਟੋ `ਚ ਕੀਤੇ ਗਏ ਵਾਅਦੇ ਹੀ ਸਨ, ਜੋ ਤਦ ਲਾਗੂ ਕੀਤੇ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਵਾਇਆ ਕਿ 3 ਲੱਖ ਤੋਂ ਵੱਧ ਕਿਸਾਨਾਂ ਨੂੰ 1,735 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਗਈ ਹੈ ਤੇ 314 ਕਰੋੜ ਰੁਪਏ ਦੀ ਅਗਲੀ ਕਿਸ਼ਤ ਛੇਤੀ ਹੀ ਹਾਸ਼ੀਏ `ਤੇ ਜਾ ਚੁੱਕੇ ਉਨ੍ਹਾਂ ਕਿਸਾਨਾਂ ਲਈ ਜਾਰੀ ਕਰ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕਮਰਸ਼ੀਅਲ ਬੈਂਕਾਂ ਤੋਂ ਕਰਜ਼ੇ ਲਏ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਰਕਾਰ ਦੇ 10 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ `ਚ ਰੁਲ਼ਦੇ ਰਹੇ ਤੇ ਉਨ੍ਹਾਂ ਦੀ ਸਰਕਾਰ ਨੇ ਹੁਣ 19 ਲੱਖ ਕਿਸਾਨਾਂ ਲਈ ਫ਼ਸਲਾਂ ਦੀ ਖ਼ਰੀਦ ਦੇ ਕੰਮਕਾਜ ਨੂੰ ਸੁਖਾਵਾਂ ਬਣਾਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ 500 ਰੁਪਏ ਸੀ ਪਰ ਹੁਣ ਉਹ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ ਤੇ ਉਸ ਨਾਲ 19 ਲੱਖ ਲੋਕਾਂ ਨੂੰ ਲਾਭ ਪੁੱਜਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ 10 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਸਿਰਫ਼ ਇੱਕੋ ਵਾਰ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਕੀਤੀ ਸੀ। ਹੁਣ ਆਸ਼ੀਰਵਾਦ ਯੋਜਨਾ ਅਧੀਨ ਰਕਮ ਵੀ 15,000 ਰੁਪਏ ਤੋਂ ਵਧਾ ਕੇ 21,000 ਰੁਪਏ ਕਰ ਦਿੱਤੀ ਗਈ ਹੇ।













