ਸੰਗਰੂਰ, 27 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂਦੇ-ਜਾਂਦੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਖ਼ਤਮ ਕਰਕੇ ਜਿਹੜਾ ਕਥਿਤ ਨਿਉਂਦਾ ਪਾ ਗਏ ਸਨ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਨਾ ਕਰਕੇ ਓਹੀ ਨਿਉਂਦਾ ਮੋੜ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ ਅਤੇ ਇੱਕ-ਦੂਜੇ ਦੇ ਹਲਕੇ ਵਿਚ ਰੈਲੀਆਂ ਦਾ ਆਦਾਨ-ਪ੍ਰਦਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹੀ ਕਾਰਨ ਹੈ ਕਿ ਵਿਧਾਨ ਸਭਾ ਵਿਚ ਜਾਂਚ ਰਿਪੋਰਟ ’ਤੇ ਬਹਿਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅੱਡੀਆਂ ਝੋਲੀਆਂ ਦਾ ਮੁੱਖ ਮੰਤਰੀ ਨੇ ਕੋਈ ਮੁੱਲ ਨਹੀਂ ਪਾਇਆ।
ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਚੋਣ ਮਨੋਰਥ ਪੱਤਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ, ਦਿੱਲੀ ’ਚ ਬਿਜਲੀ 2.43 ਪੈਸੇ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਰਾਸ਼ਨ ਦੀ ਹੋਮ ਡਲਿਵਰੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ 120 ਪੰਨਿਆਂ ਦੇ ਚੋਣ ਮੈਨੀਫੈਸਟੋ ’ਚੋਂ ਅੱਧਾ ਪੰਨਾ ਵੀ ਪੂਰਾ ਨਹੀਂ ਕੀਤਾ। ਨਾ ਚਾਰ ਹਫ਼ਤੇ ’ਚ ਨਸ਼ਾ ਬੰਦ ਹੋਇਆ, ਨਾ ਘਰ ਘਰ ਨੌਕਰੀ ਮਿਲੀ, ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਬੁਢਾਪਾ ਪੈਨਸ਼ਨ 2500 ਰੁਪਏ ਹੋਈ ਅਤੇ ਨਾ ਕਿਸੇ ਨੌਜਵਾਨ ਨੂੰ ਸਮਾਰਟ ਫੋਨ ਮਿਲਿਆ ਹੈ।