ਜ਼ੀਰਕਪੁਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਪਰੋਥਲੀ ਕੀਤੀਆਂ ਜਾ ਰਹੀਆਂ ‘ਪੋਲ ਖੋਲ੍ਹ’ ਰੈਲੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਮਹਿਜ਼ ਇਕ ਯਤਨ ਹੈ। ਮੁੱਖ ਮੰਤਰੀ ਇਥੇ ਜ਼ੀਰਕਪੁਰ ਵਿੱਚ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੇ ਪਰਿਵਾਰ ਦੀ ਕੰਪਨੀ ਵੱਲੋਂ ਖੋਲ੍ਹੇ ਇਨੋਕਸ ਸਿਨੇਮਾ ਦੇ ਉਦਘਾਟਨ ਲਈ ਆਏ ਸਨ। ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਲਈ ਪਿਛਲੀ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਜਾਣਬੁੱਝ ਕੇ ਫਿਰਕੂ ਨਫ਼ਰਤ ਨੂੰ ਹਵਾ ਦੇਣ ਦਾ ਯਤਨ ਕਰ ਰਿਹਾ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ 800 ਪੰਨਿਆਂ ਦੀ ਰਿਪੋਰਟ ਵਿੱਚ ਸਪਸ਼ਟ ਤੌਰ ’ਤੇ ਮਾਮਲੇ ਦੀ ਹੋਰ ਜਾਂਚ ਕਰਨ ਦੀ ਲੋੜ ਆਖੀ ਗਈ ਹੈ, ਜਿਸ ਲਈ ਅਗਲੇਰੀ ਜਾਂਚ ਲਈ ਉੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਸਿੱਟ ਕਾਇਮ ਕੀਤੀ ਹੈ। ਸਿੱਟ ਦੀ ਜਾਂਚ ਲਈ ਕੋਈ ਸਮਾਂ ਨਿਰਧਾਰਿਤ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਸਮਾਂ ਨਹੀਂ ਸਗੋਂ ਟੀਮ ਵਿੱਚ ਸਾਰੇ ਉੱਚ ਤੇ ਸੀਨੀਅਰ ਅਧਿਕਾਰੀ ਹਨ, ਜੋ ਮਾਮਲੇ ਦੀ ਤਹਿ ਤੱਕ ਜਾ ਕੇ ਹਰੇਕ ਪਹਿਲੂ ਦੀ ਜਾਂਚ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਿੱਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰਨਾਂ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ। ਬਾਦਲਾਂ ਦੇ ਹਲਕੇ ਲੰਬੀ ਵਿੱਚ ਰੈਲੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਸਿਆਸੀ ਪਾਰਟੀ ਹੈ ਤੇ ਉਹ ਸੂਬੇ ਵਿਚ ਕਿਸੇ ਥਾਂ ਵੀ ਰੈਲੀ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਰੈਲੀ ਦੌਰਾਨ ਸੂਬੇ ਦੇ ਸ਼ਾਂਤਮਈ ਮਾਹੌਲ ਵਿੱਚ ਕੁੜੱਤਣ ਪੈਦਾ ਕਰਨ ਵਾਲੇ ਬਾਦਲਾਂ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਕਰਨਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ੀਰਕਪੁਰ ਨੂੰ ਸੂਬੇ ਦੇ ਬਿਹਤਰੀਨ ਸ਼ਹਿਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ, ਜਿਸ ਵਿੱਚ ਅਤਿ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਚਾਹਲ, ਉਦੈਵੀਰ ਸਿੰਘ ਢਿੱਲੋਂ ਤੇ ਹੋਰ ਅਧਿਕਾਰੀ ਹਾਜ਼ਰ ਸਨ।