ਚੰਡੀਗੜ੍ਹ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਦੀ ਘਟਨਾ ਉਪਰੰਤ ਰੋਸ ਪ੍ਰਦਰਸ਼ਨ ਕਰ ਰਹੇ ਬੇਕਸੂਰ ਸਿੱਖਾਂ ਉੱਤੇ ਉਨ੍ਹਾਂ ਵੱਲੋਂ ਗੋਲੀ ਨਾ ਚਲਾਉਣ ਦੇ ਦਿੱਤੇ ਹੁਕਮ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਗੋਲੀ ਚਲਾਉਣ ਦੇ ਹੁਕਮ ਜੇ ਉਨ੍ਹਾਂ ਨਹੀਂ ਦਿੱਤੇ ਸਨ ਤਾਂ ਕੀ ਇਹ ਹੁਕਮ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ, ਇਸ ਦਾ ਪਤਾ ਲਗਾਉਣ ਲਈ ਇਨ੍ਹਾਂ ਤਿੰਨਾਂ—ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਵੱਡੇ ਬਾਦਲ ਨੂੰ ਸਵਾਲ ਕੀਤਾ ਕਿ ਕਿਹਾ ਕਿ ਜੇ ਗੋਲੀ ਚਲਾਉਣ ਦੇ ਹੁਕਮ ਉਸ ਵੇਲੇ ਦੇ ਮੁੱਖ ਮੰਤਰੀ ਨੇ ਨਹੀਂ ਦਿੱਤੇ ਸਨ ਤਾਂ ਫਿਰ ਕਿਸ ਦੇ ਹੁਕਮਾਂ ਨਾਲ ਗੋਲੀ ਚਲਾਈ ਗਈ। ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਦੀ ਅੱਧੀ ਰਾਤ ਨੂੰ ਫਰੀਦਕੋਟ ਪ੍ਰਸ਼ਾਸਨ ਤੇ ਡੀਜੀਪੀ ਨਾਲ ਗੱਲਬਾਤ ਹੁੰਦੀ ਹੈ ਪਰ ਉਹ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੰਦੇ ਤਾਂ ਵੀ ਪੁਲੀਸ ਵੱਲੋਂ ਨਿਰਦੋਸ਼ ਸਿੱਖਾਂ ਉੱਤੇ ਗੋਲੀ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਨੂੰ ਪਹਿਲਾਂ ਆਪਣੇ ਪੁੱਤਰ ਸੁਖਬੀਰ ਬਾਦਲ ਜੋ ਉਸ ਵੇਲੇ ਦੇ ਗ੍ਰਹਿ ਮੰਤਰੀ ਸਨ, ਤੋਂ ਪੁੱਛ ਲੈਣਾ ਚਾਹੀਦਾ ਸੀ ਕਿ ਗੋਲੀ ਉਨ੍ਹਾਂ ਦੇ ਹੁਕਮਾਂ ਉਤੇ ਤਾਂ ਨਹੀਂ ਚਲਾਈ ਗਈ।
ਉਨ੍ਹਾਂ ਨਾਲ ਹੀ ਸ੍ਰੀ ਬਾਦਲ ਨੂੰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿੰਨੇ ਵੱਡੇ ਸਿੱਖ ਹਨ, ਇਸ ਲਈ ਅਖੌਤੀ ਪੰਥਕ ਅਕਾਲੀਆਂ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਦੇ ਪਰਿਵਾਰ ਦੀ ਸਿੱਖੀ ਵਿੱਚ ਆਸਥਾ ਕੁੱਲ ਦੁਨੀਆ ਜਾਣਦੀ ਹੈ ਅਤੇ ਦੂਜੇ ਪਾਸੇ ਬਾਦਲ ਪਰਿਵਾਰ ਵੱਲੋਂ ਸਿੱਖ ਪੰਥ ਨੂੰ ਖੋਖਲਾ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਤੋਂ ਸਾਰਾ ਪੰਜਾਬ ਵਾਕਫ਼ ਹੈ। ਉਨ੍ਹਾਂ ਛੋਟੇ ਬਾਦਲ ਦੇ ਉਸ ਬਿਆਨ ਉੱਤੇ ਵੀ ਅਕਾਲੀ ਦਲ ਤੋਂ ਸਪੱਸ਼ਟੀਕਰਨ ਮੰਗਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਉੱਤੇ ਬਹਿਸ ਦੌਰਾਨ ਵਾਕਆਊਟ ਕਰਨ ਦਾ ਫ਼ੈਸਲਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਬਿਆਨ ਤੋਂ ਅਕਾਲੀ ਦਲ ਦੇ ਦੋਹਰੇ ਮਾਪਦੰਡ ਸਾਹਮਣੇ ਆਉਂਦੇ ਹਨ ਕਿ ਵਿਧਾਨ ਸਭਾ ਸੈਸ਼ਨ ਵਿੱਚੋਂ ਅਕਾਲੀ ਦਲ ਵੱਲੋਂ ਵਾਕਆਊਟ ਕਰਨ ਦਾ ਫੈਸਲੇ ਦੇ ਪਿੱਛੇ ਉਨ੍ਹਾਂ ਨੂੰ ਬਹਿਸ ਵਿੱਚ ਬੋਲਣ ਲਈ ਮਿਲੇ ਘੱਟ ਸਮੇਂ ਨੂੰ ਦੱਸ ਰਹੇ ਸਨ ਜਦਕਿ ਹੁਣ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਵਾਕਆਊਟ ਦਾ ਫ਼ੈਸਲਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੇ ਕੀਤੇ ਗੁਨਾਹਾਂ ਕਾਰਨ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ ਅਤੇ ਉਹ ਸਦਨ ਦੇ ਅੰਦਰ ਅਤੇ ਬਾਹਰ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਹੁਣ ਝੂਠੇ ਬਿਆਨਾਂ ਨਾਲ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਉਪਰ ਸੂਬੇ ਦੇ ਲੋਕ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਗੇ।