ਸ੍ਰੀ ਮੁਕਤਸਰ ਸਾਹਿਬ, 26 ਸਤੰਬਰ
ਇੱਥੇ ਕਾਂਗਰਸ ਨੇ ਅੱਜ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ‘ਆਪ’ ਨੂੰ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਨੂੰ ਉਜਾੜਨ ਵਾਲੀ ਸਰਕਾਰ ਦੱਸਿਆ। ਬੁਲਾਰਿਆਂ ਨੇ ‘ਆਪ’ ਸਰਕਾਰ ਨੂੰ ਨਸ਼ਾ ਖਤਮ ਕਰਨ ’ਚ ਫੇਲ੍ਹ ਕਰਾਰ ਦਿੰਦਿਆਂ ਪੰਜਾਬ ਦੇ ਪੈਸੇ ਨੂੰ ‘ਕੇਜਰੀਵਾਲ’ ਦੀ ਮਰਜ਼ੀ ਅਨੁਸਾਰ ਵਰਤਣ ਲਈ ਪੰਜਾਬ ਵਿਰੋਧੀ ਸਰਕਾਰ ਵੀ ਕਰਾਰ ਦਿੱਤਾ। ਇਸ ਮੌਕੇ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ’ਚ ਗਏ ਕਾਂਗਰਸੀਆਂ ਦੀ ਘਰ ਵਾਪਸੀ ਨੂੰ ਲੈ ਕੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪੇਚ ਫਸ ਗਏ।
ਸ੍ਰੀ ਰੰਧਾਵਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਭਗੌੜਾ ਕਰਾਰ ਦਿੰਦਿਆਂ ਕਿਹਾ ਕਿ ਜਾਖੜ ਪਰਿਵਾਰ ਨੇ ਬਹੁਤ ਚਿਰ ਕਾਂਗਰਸ ਨੂੰ ਖਾ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ‘ਆਪ’ ਤੋਂ ਘੱਟ ਖਤਰਾ ਹੈ ਅਤੇ ਪਿੱਠ ’ਚ ਛੁਰਾ ਮਾਰਨ ਵਾਲੇ ਕਾਂਗਰਸੀਆਂ ਤੋਂ ਵੱਧ। ਜੇ ਅੱਜ ਦੇ ਦੌਰ ਵਿੱਚ ਕਾਂਗਰਸ ਛੱਡ ਕੇ ਹੋਰ ਪਾਰਟੀ ਵਿੱਚ ਗਏ ਕਿਸੇ ਵਿਅਕਤੀ ਨੂੰ ਕਾਂਗਰਸ ਨੇ ਮੁੜ ਸਵੀਕਾਰ ਕੀਤਾ ਤਾਂ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ ਅਤੇ ਨਵੀਂ ਕਾਂਗਰਸ ਪੈਦਾ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਬੀਤੀਆਂ ਚੋਣਾਂ ’ਚ ਵੀ ਕਾਂਗਰਸ ਨੂੰ ਕਾਂਗਰਸ ਦੇ ਆਗੂਆਂ ਨੇ ਹੀ ਹਰਾਇਆ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਾਂਗਰਸੀ ਆਗੂ ’ਤੇ ਬਿਨ੍ਹਾਂ ਵਜ੍ਹਾ ਤਸ਼ੱਦਦ ਕਰ ਰਹੇ ਹਨ ਤੇ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਤਾਂ ਉਨ੍ਹਾਂ ਨਾਲ ਇਸ ਤੋਂ ਵੀ ਬੁਰਾ ਕੀਤਾ ਜਾਵੇਗਾ।
ਦੂਜੇ ਪਾਸੇ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ’ਚ 52-53 ਤਾਂ ਕਾਂਗਰਸ ਦੇ ਹੀ ਹਨ ਜਿਹੜੇ ਵਾਪਸ ਆਉਣ ਲਈ ਨਿੱਤ ਫੋਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਗੀ ਕਾਂਗਰਸੀਆਂ ਨੂੰ ਵਾਪਸ ਲਿਆਂਦੇ ਬਿਨਾਂ ਨਹੀਂ ਸਰਨਾ, ਉਨ੍ਹਾਂ ਨੂੰ ਵਾਪਸ ਲਿਆਉਣਾ ਹੀ ਪੈਣਾ, ਚਾਹੇ ਕੋਈ ਗੁੱਸਾ ਵੀ ਕਿਉਂ ਨਾ ਕਰੇ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਵੀ ਕਈ ਵਿਅੰਗ ਕੱਸੇ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮਾਲਵਾ ਖੇਤਰ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸ ਦੀ ਜਿੱਤ ਹੋਵੇਗੀ। ਲੋਕ ਭਗਵੰਤ ਮਾਨ ਦੀਆਂ ਗੱਲਾਂ ’ਚ ਦੁਬਾਰਾ ਨਹੀਂ ਆਉਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਪ’ ਆਗੂ ਰਾਘਵ ਚੱਢਾ ਦਾ ਵਿਆਹ ਪੰਜਾਬ ਦੇ ਕਰੋੜਾਂ ਰੁਪਏ ਦੇ ਖਰਚੇ ’ਤੇ ਰਾਜਸਥਾਨ ਵਿਚ ਹੋ ਰਿਹਾ ਹੈ ਜਿਸ ਦਾ ਹਿਸਾਬ ਵੀ ਪੰਜਾਬੀ ਲੈਣਗੇ।