ਨਵੀਂ ਦਿੱਲੀ, 10 ਮਈ
ਅਜਰਬਾਇਜਾਨ ਦੀ ਰਾਜਧਾਨੀ ਬਾਕੂ ਵਿੱਚ ਆਈਐੱਸਐੱਸਐਫ ਵਿਸ਼ਵ ਕੱਪ ਰਾਈਫਲ/ਪਿਸਟਲ ਦੇ ਮਹਿਲਾ 10 ਮੀਟਰ ਪਿਸਟਲ ਈਵੈਂਟ ਵਿੱਚ ਭਾਰਤ ਦੀ ਰਿਦਮ ਸਾਂਗਵਾਨ ਨੇ ਅੱਜ ਫਾਈਨਲ ਵਿੱਚ ਪਿਛੜਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਦੋ ਵਾਰ ਦੀ ਓਲੰਪਿਕ ਚੈਂਪੀਅਨ ਯੂਨਾਨ ਦੀ ਅੰਨਾ ਕੋਰਾਕਾਕੀ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਯੂਕਰੇਨ ਦੀ ਓਲੇਨਾ ਕੋਸਟੇਵਿਚ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸੇ ਦੌਰਾਨ ਸਰਬਜੋਤ ਸਿੰਘ ਅਤੇ ਈਸ਼ਾ ਸਿੰਘ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਉਣ ਦੇ ਬਾਵਜੂਦ ਤਗਮਾ ਜਿੱਤਣ ਵਿੱਚ ਨਾਕਾਮ ਰਹੇ। ਰਿਦਮ ਨੇ 60 ਸ਼ਾਟ ਦੇ ਕੁਆਲੀਫਿਕੇਸ਼ਨ ਰਾਊਂਡ ’ਚ 581 ਅੰਕ ਜੁਟਾਏ ਜਦੋਂਕਿ ਈਸ਼ਾ ਨੇ 579 ਅੰਕ ਪ੍ਰਾਪਤ ਕੀਤੇ ਅਤੇ ਕ੍ਰਮਵਾਰ ਤੀਸਰੇ ਤੇ ਸੱਤਵੇਂ ਸਥਾਨ ’ਤੇ ਰਹਿਦੇ ਹੋਏ ਅੱਠ ਨਿਸ਼ਾਨੇਬਾਜ਼ਾਂ ਦੇ 24 ਸ਼ਾਟ ਦੇ ਫਾਈਨਲ ਵਿੱਚ ਥਾਂ ਬਣਾਈ।