ਵਾਸ਼ਿੰਗਟਨ, 23 ਸਤੰਬਰ

ਕੁਆਡ ਸੰਮੇਲਨ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕਰਕੇ ਹਿੰਦ-ਪ੍ਰਸ਼ਾਂਤ ਖੇਤਰ, ਅਫ਼ਗਾਨਿਸਤਾਨ, ਵਾਤਾਵਰਨ ਬਦਲਾਅ ਅਤੇ ਕੋਵਿਡ-19 ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਬਾਇਡਨ ਨੇ ਨਿਊਯਾਰਕ ’ਚ ਮੌਰੀਸਨ ਨਾਲ ਮੁਲਾਕਾਤ ਕੀਤੀ ਜਦਕਿ ਸ਼ਾਮ ਨੂੰ ਵਾਸ਼ਿੰਗਟਨ ’ਚ ਉਹ ਜੌਹਨਸਨ ਨਾਲ ਓਵਲ ਆਫ਼ਿਸ ’ਚ ਮਿਲੇ। ਵ੍ਹਾਈਟ ਹਾਊਸ ਨੇ ਕਿਹਾ ਕਿ ਆਗੂਆਂ ਨੇ ਨਾਟੋ ਅਤੇ ਯੂਰੋਪੀਅਨ ਯੂਨੀਅਨ ਸਮੇਤ ਹੋਰ ਭਾਈਵਾਲਾਂ ਦੀ ਭੂਮਿਕਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਅਟਲਾਂਟਿਕ ਚਾਰਟਰ ਨੂੰ ਅੱਗੇ ਵਧਾਉਣ ਦੇ ਇਰਾਦੇ ਨਾਲ ਅਮਰੀਕਾ ਅਤੇ ਬ੍ਰਿਟੇਨ ਦੇ ਦੋਵੇਂ ਆਗੂਆਂ ਨੇ ਇਕੱਠਿਆਂ ਕੰਮ ਜਾਰੀ ਰੱਖਣ ’ਤੇ ਸਹਿਮਤੀ ਜਤਾਈ। ਨਿਊਯਾਰਕ ’ਚ ਬਾਇਡਨ ਅਤੇ ਮੌਰੀਸਨ ਨੇ ਨਿਰਪੱਖ ਅਤੇ ਮੁਕਤ ਹਿੰਦ-ਪ੍ਰਸ਼ਾਂਤ ਖਿੱਤੇ ਪ੍ਰਤੀ ਵਚਨਬੱਧਤਾ ਦੁਹਰਾਈ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੌਰੀਸਨ ਨੇ ਕੁਆਡ ਰਾਹੀਂ ਮੁਲਕਾਂ ਦੇ ਅਰਥਚਾਰਿਆਂ ਅਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਬਾਇਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਭਾਰਤ, ਜਾਪਾਨ, ਆਸਟਰੇਲੀਆ ਨਾਲ ਇਤਿਹਾਸਕ ਵਾਰਤਾ ਹੋਵੇਗੀ। ਦਿਨ ਵੇਲੇ ਬਾਇਡਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕਰਕੇ ਲਿਬਰਲ ਪਾਰਟੀ ਦੀ ਜਿੱਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ।