ਕੇੇਂਟਫੀਲਡ (ਕੈਲੀਫੋਰਨੀਆ), 21 ਜੂਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਰਾਰ ਦਿੱਤਾ ਹੈ। ਬਾਇਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਚੀਨ ਨਾਲ ਦੁਵੱਲੇ ਸਬੰਧ ਸੁਖਾਵੇਂ ਬਣਾਉਣ ਲਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੇਈਚਿੰਗ ਦਾ ਦੌਰਾ ਕੀਤਾ ਸੀ। ਬਾਇਡਨ ਨੇ ਮੰਗਲਵਾਰ ਰਾਤ ਇਕ ਪ੍ਰੋਗਰਾਮ ’ਚ ਕਿਹਾ ਕਿ ਪੂਰਬੀ ਕੰਢੇ ’ਤੇ ਹਵਾਈ ਫ਼ੌਜ ਵੱਲੋਂ ਡੇਗੇ ਗਏ ਇਕ ਸ਼ੱਕੀ ਚੀਨੀ ਜਾਸੂਸੀ ਗੁੱਬਾਰੇ ਨੂੰ ਲੈ ਕੇ ਪੈਦਾ ਹੋਏ ਤਣਾਅ ਕਾਰਨ ਸ਼ੀ ਸ਼ਰਮਿੰਦਾ ਹੋਏ ਸਨ। ਉਂਜ ਬਲਿੰਕਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਹ ‘ਅਧਿਆਏ’ ਹੁਣ ਬੰਦ ਹੋਣਾ ਚਾਹੀਦਾ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਤਾਨਾਸ਼ਾਹਾਂ ਲਈ ਇਹ ਬਹੁਤ ਵੱਡੀ ਸ਼ਰਮਿੰਦਗੀ ਹੈ ਜਦੋਂ ਉਸ ਨੂੰ ਪਤਾ ਨਾ ਹੋਵੇ ਕਿ ਕੀ ਹੋਇਆ ਹੈ। ਬਾਇਡਨ ਨੇ ਇਹ ਵੀ ਕਿਹਾ ਕਿ ਚੀਨ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੁਆਡ ਕਾਰਨ ਸ਼ੀ ਫਿਕਰਮੰਦ ਹੋ ਗਏ ਹਨ ਪਰ ਉਨ੍ਹਾਂ ਚੀਨੀ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਉਹ ਇਹ ਧੜਾ ਬਣਾ ਕੇ ਚੀਨ ਨੂੰ ਘੇਰਨਾ ਨਹੀਂ ਚਾਹੁੰਦੇ ਹਨ।