ਨਵੀਂ ਦਿੱਲੀ, 23 ਜੂਨ

ਕੇਂਦਰ ਨੇ ਸ਼ੁੱਕਰਵਾਰ ਨੂੰ ਆਪਣੇ ਸਾਰੇ ਮਹਿਕਮਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ ਆਧਾਰ ਆਧਾਰਿਤ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਲਾਜ਼ਮੀ ਤੌਰ ’ਤੇ ਆਪਣੀ ਹਾਜ਼ਰੀ ਲਗਾਉਣ। ਇਹ ਕਦਮ ਸਿਸਟਮ ’ਤੇ ਰਜਿਸਟਰਡ ਹੋਣ ਦੇ ਬਾਵਜੂਦ ਹਾਜ਼ਰੀ ਨਾ ਲਗਾਉਣ ਵਾਲੇ ਮੁਲਾਜ਼ਮਾਂ ਦੀ ਢਿੱਲ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪਰਸੋਨਲ ਮੰਤਰਾਲੇ ਮੁਤਾਬਿਕ ਆਧਾਰ ਅਨੇਬਲਡ ਅਟੈਂਡੇਂਸ ਸਿਸਟਮ (ਏਈਬੀਏਐਸ) ਨੂੰ ਲਾਗੂ ਕਰਨ ਦੀ ਸਮੀਖਿਆ ਦੌਰਾਨ ਇਹ ਪਤਾ ਲੱਗਿਆ ਹੈ ਕਿ ਭਾਰਤ ਸਰਕਾਰ ਦੇ ਮੰਤਰਾਲਿਆਂ, ਮਹਿਕਮਿਆਂ ਤੇ ਸੰਸਥਾਵਾਂ ਵਿੱਚ ਤਾਇਨਾਤ ਵੱਡੀ ਗਿਣਤੀ ਸਰਕਾਰੀ ਮੁਲਾਜ਼ਮ ਇਸ ਸਿਸਟਮ ਰਾਹੀਂ ਆਪਣੀ ਹਾਜ਼ਰੀ ਨਹੀਂ ਲਗਾਉਂਦੇ ਹਨ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮੰਤਰਾਲੇ, ਮਹਿਕਮੇ ਤੇ ਸੰਸਥਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਅਧੀਨ ਕੰਮ ਕਰਦੇ ਮੁਲਾਜ਼ਮ ਆਪਣੀ ਹਾਜ਼ਰੀ ਏਈਬੀਏਐਸ ’ਤੇ ਲਗਾਉਣ।