ਮੁੰਬਈ:ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਲਈ ਫਿਲਮ ‘ਸਾਇਨਾ’ ਵਿੱਚ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਣਾ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਫਿਲਮ ਦੇ ਨਿਰਦੇਸ਼ਕ ਅਮੋਲ ਗੁਪਤੇ ਬਹੁਤ ਹੀ ਸਹਿਜ ਅਦਾਕਾਰ ਹਨ। ਪਰਿਨੀਤੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਮੋਲ ਸਰ ਇੱਕ ਬਹੁਤ ਹੀ ਸਹਿਜ ਅਦਾਕਾਰ ਹਨ ਅਤੇ ਸਾਇਨਾ ਦੀ ਸ਼ੂਟਿੰਗ ਦੌਰਾਨ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ, ਉਨ੍ਹਾਂ ਮੈਨੂੰ ਸਿਖਾਇਆ ਕਿ ਘੱਟ ਬੋਲ ਕੇ ਅਤੇ ਇਸ਼ਾਰਿਆਂ ਨਾਲ ਵੀ ਬਿਹਤਰ ਅਦਾਕਾਰੀ ਕੀਤੀ ਜਾ ਸਕਦੀ ਹੈ।’’ ਉੁਸ ਨੇ ਅੱਗੇ ਕਿਹਾ, ‘‘ਅਮੋਲ ਸਰ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਇੱਕ ਅਦਾਕਾਰ ਤੋਂ ਕੰਮ ਕਿਵੇਂ ਲੈਣਾ ਹੈ। ਨਿਰਦੇਸ਼ਕ ਹੋਣ ਦੇ ਨਾਲ-ਨਾਲ ਉਹ ਇੱਕ ਅਦਾਕਾਰ ਵੀ ਹਨ, ਕਈ ਵਾਰ ਉਹ ਸਿਰਫ਼ ਸਮਝਾਉਣ ਲਈ ਸੀਨ ਕਰਦੇ ਹਨ। ਮੈਂ ਅਮੋਲ ਸਰ ਦੀ ਵਜ੍ਹਾ ਕਰਕੇ ਹੀ ਅਦਾਕਾਰੀ ਦੀਆਂ ਬਾਰੀਕੀਆਂ ਸਿੱਖ ਸਕੀ।’’ ਫਿਲਮ ਦੀ ਕਹਾਣੀ ਸਾਇਨਾ ਨੇਹਵਾਲ ਦੇ ਬਚਪਨ ਤੋਂ ਲੈ ਕੇ ਦੁਨੀਆਂ ਦੀ ਨੰਬਰ ਇੱਕ ਅਤੇ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰਨ ਬਣਨ ਦੇ ਸਫ਼ਰ ਦੁਆਲੇ ਘੁੰਮਦੀ ਹੈ। ਸਾਇਨਾ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਪਰਿਨੀਤੀ ਨੇ ਕਿਹਾ, ‘‘ਮੈਨੂੰ ਟੀਵੀ ’ਤੇ ਉਸ ਦੀਆਂ ਇੰਟਰਵਿਊ’ਜ਼ ਸੁਣਨ ਅਤੇ ਮੈਚ ਦੇਖਣ ਤੋਂ ਬਾਅਦ ਉਸ ਦੀ ਸਫ਼ਲਤਾ ਅਤੇ ਉਸ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਪਰਿਵਾਰ ਵੱਲੋਂ ਕੀਤੇ ਸਮਝੌਤਿਆਂ ਬਾਰੇ ਪਤਾ ਲੱਗਿਆ।’’