ਕਰਨੈਲ ਸਿੰਘ ਚੜ੍ਹਦੇ ਸੂਰਜ ਦੀ ਲਾਲੀ ਵੱਲ ਟਿਕਟਿਕੀ ਲਗਾਈ ਪਤਾ ਨਹੀਂ ਕਿਹੜੀਆਂ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਪਿਆ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰ ਦੀ ਸੈਰ ਕਰਨ ਮਗਰੋਂ ਕੈਲਗਰੀ ਦੇ ਪਾਰਕ ਵਿੱਚ ਇਕਾਂਤ ਚਿੱਤ ਹੋ ਕੇ ਬੈਠਾ ਹੋਇਆ ਸੀ।

‘‘ਬਾਈ ਜੀ!! ਸਤਿ ਸ੍ਰੀ ਅਕਾਲ ਜੀ।’’ ਅਚਨਚੇਤ ਪਿੱਛੋਂ ਆਈ ਗੜਕਦੀ ਆਵਾਜ਼ ਨੇ ਕਰਨੈਲ ਦਾ ਸਾਰਾ ਅੰਤਰ ਧਿਆਨ ਭੰਗ ਕਰ ਦਿੱਤਾ ਅਤੇ ਉਹ ਮੋੜਵਾਂ ਜਵਾਬ ਦਿੰਦਾ ਬੋਲਿਆ, ‘‘ਸਤਿ ਸ੍ਰੀ ਅਕਾਲ ਜੀ, ਸਾਸ ਰੀ ਕਾਲ।’’

‘‘ਬਾਈ ਜੀ!! ਮੈਂ ਗੁਰਨਾਮ ਸਿੰਘ ਮੋਗੇ ਤੋਂ!! ਮਖਿਆ ਬਾਈ ਜੀ ’ਕੱਲੇ ਈ ਬੈਠੇ ਵਾ, ਹੋਰ ਸੁਣਾਓ!! ਕਿਹੜਾ ਇਲਾਕਾ ਜੀ ਆਪਣਾ?’’ ਗੁਰਨਾਮ ਇੱਕੋ ਸਾਹੇ ਬਹੁਤ ਕੁਝ ਬਿਆਨ ਕਰ ਗਿਆ।

‘‘ਭਾਅ ਜੀ!! ਅੰਬਰਸਰ ਲਾਗਿਓਂ ਪਿੱਛਾ ਐ ਜੀ ਅਸਾਡਾ,’’ ਕਰਨੈਲ ਬੋਲਿਆ।

‘‘ਕੁਸ਼ ਵੀ ਐ ਬਾਈ ਜੀ, ਆਪਾਂ ਤਾਂ ਕਨੇਡਾ ਆ ਕੇ ਸਵਰਗ ’ਚ ਆ ਗਏ ਆਂ। ਸ਼ੁਕਰ ਐ ਦਾਤੇ ਦਾ ਜੀਹਨੇ ਇਹ ਭਾਗਾਂ ਆਲ਼ੀ ਧਰਤੀ ਦੇ ਦਰਸ਼ਨ ਕਰਵਾ ਦਿੱਤੇ,’’ ਗੁਰਨਾਮ ਖ਼ੁਸ਼ੀ ’ਚ ਖੀਵਾ ਹੋਇਆ ਬੋਲੀ ਜਾ ਰਿਹਾ ਸੀ।

‘‘ਭਾਅ ਜੀ!! ਆਪੋ ਆਪਣੀ ਥਾਂ ਸਭ ਸਵਰਗ ਹੀ ਹੁੰਦੇ ਐ। ਹੁਣ ਤਾਂ ਕਹਿੰਦੇ ਆ ਕਿ ਪੰਜਾਬ ਵੀ ਬਹੁਤ ਬਦਲ ਗਿਆ ਐ। ਭਲਾ ਓਥੇ ਕਿੰਨੀ ਕੁ ਤਰੱਕੀ ਹੋ ਗਈ ਐ?’’ ਕਰਨੈਲ ਨੇ ਪੁੱਛਿਆ।

‘‘ਸਵਾਹ ਤਰੱਕੀ ਹੋ ਗਈ!! ਓਹੀ ਬਾਹਾਂ-ਕੁਹਾੜੀ ਐ। ਨਾ ਤੁਸੀਂ ਨਹੀਂ ਗਏ ਕਦੇ ਪੰਜਾਬ? ਨਾਲ਼ੇ ਅੱਜ-ਕੱਲ੍ਹ ਜਾਣਾ ਕੀ ਔਖਾ ਵਾ! ਹੁਣ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਆਹ ਖੜ੍ਹਾ ਹੋਵੇ। ਆਪਾਂ ਤਾਂ ਹਰ ਛਿਮਾਹੀ ਗੇੜਾ ਮਾਰ ਆਈਦਾ,’’ ਗੁਰਨਾਮ ਆਪਣੇ ਆਪ ਕਈ ਸਵਾਲ ਜਵਾਬ ਕਰ ਗਿਆ।

‘‘ਭਾਅ ਜੀ ਜੇ ਸੱਚ ਪੁੱਛੋ, ਮੈਥੋਂ ਤਾਂ ਪੰਜਾਬ ਹੁਣ ਬਹੁਤ ਹੀ ਦੂਰ ਹੋ ਗਿਆ,’’ ਇਹ ਆਖਦਿਆਂ ਕਰਨੈਲ ਅੱਖਾਂ ਭਰ ਆਇਆ।

‘‘ਨਾ!! ਤੁਹਾਡਾ ਕਿਹੜਾ ਵੀਜ਼ਾ ਨਹੀਂ ਲੱਗਦਾ!! ਭਾਵੇਂ ਅਗਲੇ ਹਫ਼ਤੇ ਪੰਜਾਬ ਚਲੇ ਜਾਓ,’’ ਗੁਰਨਾਮ ਨੇ ਉਤਸੁਕਤਾ ਨਾਲ ਕਿਹਾ।

ਇਹ ਸੁਣ ਕੇ ਕਰਨੈਲ ਅੱਖਾਂ ਪੂੰਝਦਾ ਬੋਲਿਆ, ‘‘ਉਹ ਤਾਂ ਤੁਹਾਡੀ ਗੱਲ ਠੀਕ ਐ, ਪਰ ਮੈਂ ਤਾਂ ਕਿੰਨੇ ਸਾਲ ਪਹਿਲਾਂ ਹੀ ਓਥੋਂ ਆਪਣੀ ਸਾਰੀ ਜ਼ਮੀਨ-ਜਾਇਦਾਦ ਵੇਚ ਆਇਆ ਸੀ। ਹੁਣ ਜਾਵਾਂ ਕਿੱਥੇ? ਹੁਣ ਤਾਂ ਪੰਜਾਬ ਬਹੁਤ ਦੂਰ ਹੋ ਗਿਆ, ਭਰਾਵਾ!! ਮੈਥੋਂ ਤਾਂ ਬਹੁਤ ਦੂਰ ਹੋ ਗਿਆ।’’

– ਮਾਸਟਰ ਸੁਖਵਿੰਦਰ ਦਾਨਗੜ੍ਹ