ਓਟਵਾ, 4 ਸਤੰਬਰ: ਬਹੁਗਿਣਤੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਇਸ ਚੋਣ ਕੈਂਪੇਨ ਦੌਰਾਨ ਫੈਡਰਲ ਪਾਰਟੀਆਂ ਵੱਲੋਂ ਪ੍ਰਸਤਾਵਿਤ ਟੈਕਸ ਮਾਪਦੰਡਾਂ ਦਾ ਉਹ ਸਮਰਥਨ ਕਰਦੇ ਹਨ ਪਰ ਬਹੁਗਿਣਤੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਜਦੋਂ ਸਾਰੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਹੋਰ ਜਿ਼ਆਦਾ ਟੈਕਸ ਅਦਾ ਕਰਨੇ ਪੈਣਗੇ।
ਯਾਹੂ/ਮਾਰੂ ਪਬਲਿਕ ਓਪੀਨੀਅਨ ਪੋਲ ਵਿੱਚ ਪਾਇਆ ਗਿਆ ਕਿ 82 ਫੀ ਸਦੀ ਕੈਨੇਡੀਅਨ ਦਾ ਮੰਨਣਾ ਹੈ ਕਿ ਖਰਚਿਆਂ ਵਿੱਚ ਹੋਣ ਵਾਲੇ ਵਾਧੇ ਤੇ ਘਾਟੇ ਦੇ ਆਕਾਰ ਕਾਰਨ ਉਨ੍ਹਾਂ ਦੀਆਂ ਜੇਬ੍ਹਾਂ ਉੱਤੇ ਬੋਝ ਹੋਰ ਵਧੇਗਾ। ਕੈਨੇਡੀਅਨਜ਼ ਦਾ ਇਹ ਵੀ ਮੰਨਣਾ ਹੈ ਕਿ ਫਿਰ ਭਾਵੇਂ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਅਪਰੈਲ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਫੈਡਰਲ ਲਿਬਰਲ ਸਰਕਾਰ ਨੇ ਇਸ ਵਿੱਤੀ ਵਰੇ੍ਹ ਦੌਰਾਨ 154·7 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ ਜਦਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਕਾਰਨ 354·7 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ ਗਿਆ ਸੀ।
ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਇਹ ਵਾਅਦਾ ਕਰ ਚੁੱਕੇ ਹਨ ਕਿ ਉਹ ਅਮੀਰ ਕੈਨੇਡੀਅਨਜ਼ ਤੇ ਕਾਰਪੋਰੇਸ਼ਨਜ਼ ਉੱਤੇ ਟੈਕਸ ਲਾਉਣ ਦੇ ਪਾਰਟੀ ਦੇ ਚਿਰਾਂ ਤੋਂ ਲੰਮੇਂ ਵਾਅਦੇ ਨੂੰ ਪੂਰਾ ਕਰਕੇ ਕਈ ਬਿਲੀਅਨ ਡਾਲਰ ਦੇ ਦੇਸ਼ ਦੇ ਘਾਟੇ ਨੂੰ ਖ਼ਤਮ ਕਰ ਸਕਦੇ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਗਿਣਤੀ ਕੈਨੇਡੀਅਨ ਕਿਸੇ ਵੀ ਪਾਰਟੀ ਦੇ ਜਿੱਤਣ ਉੱਤੇ ਟੈਕਸ ਮਾਪਦੰਡਾਂ ਦਾ ਪੱਖ ਪੂਰਦੇ ਹਨ। 82 ਫੀ ਸਦੀ ਕੈਨੇਡੀਅਨ ਮਹਿੰਗੀਆਂ ਕਾਰਾਂ, ਬੋਟਸ ਤੇ ਪ੍ਰਾਈਵੇਟ ਜੈੱਟ ਆਦਿ ਉੱਤੇ ਲਗਜ਼ਰੀ ਟੈਕਸ ਲਾਉਣ ਦੇ ਹੱਕ ਵਿੱਚ ਹਨ ਜਦਕਿ 81 ਫੀ ਸਦੀ ਵੱਧ ਆਮਦਨ ਵਾਲੇ ਲੋਕਾਂ ਉੱਤੇ ਵੈਲਥ ਟੈਕਸ ਲਾਉਣ ਦੇ ਹਮਾਇਤੀ ਹਨ।
ਆਖਰੀ ਫੈਡਰਲ ਬਜਟ ਵਿੱਚ ਲਿਬਰਲਾਂ ਨੇ ਨਵੀਆਂ ਕਾਰਾਂ ਤੇ ਨਿਜੀ ਜਹਾਜ਼ਾਂ, ਜਿਨ੍ਹਾਂ ਦੀ ਕੀਮਤ 100,000 ਡਾਲਰ ਤੋਂ ਵੱਧ ਹੈ, ਨਿਜੀ ਵਰਤੋਂ ਵਾਲੀਆਂ ਬੋਟਸ, ਜਿਨ੍ਹਾਂ ਦੀ ਕੀਮਤ 250,000 ਡਾਲਰ ਤੋਂ ਵੱਧ ਹੈ, ਉੱਤੇ ਲਗਜ਼ਰੀ ਟੈਕਸ ਲਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। 78 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਵਿੱਤੀ ਸੈਕਟਰ, ਜਿਵੇਂ ਕਿ ਬੈਂਕ ਤੇ ਇੰਸ਼ੋਰੈਂਸ ਕੰਪਨੀਆਂ, ਵਿੱਚ ਕਾਰੋਬਾਰਾਂ ਲਈ ਕਾਰਪੋਰੇਟ ਟੈਕਸ ਲਾਇਆ ਜਾਵੇ।