ਫ਼ਰੀਦਕੋਟ, 18 ਮਈ
ਬਹਿਬਲ ਗੋਲੀ ਕਾਂਡ ਦੀ ਅੱਜ ਇੱਥੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪਰ ਕਰੋਨਾ ਵਾਇਰਸ ਦੇ ਚੱਲਦਿਆਂ ਅਦਾਲਤਾਂ ਦਾ ਕੰਮ ਪਹਿਲੀ ਮਈ ਤੋਂ ਮੁਕੰਮਲ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਅੱਜ ਇਸ ਕੇਸ ਵਿੱਚ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 4 ਜੂਨ ਨਿਰਧਾਰਿਤ ਕੀਤੀ ਹੈ। ਮੁਲਜ਼ਮਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿੱਚ ਪੇਸ਼ ਹੋਈ ਚਾਰਜਸ਼ੀਟ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਹਾਈਕੋਰਟ ਵਿੱਚ ਇਸ ਮੁਕੱਦਮੇ ਦੀ ਸੁਣਵਾਈ 2 ਸਤੰਬਰ ਨੂੰ ਹੋਣੀ ਹੈ। ਪੰਜਾਬ ਸਰਕਾਰ ਨੇ ਬਹਿਬਲ ਗੋਲੀ ਕਾਂਡ ਦੀ ਪੜਤਾਲ ਲਈ ਹੁਣ ਨਵੀਂ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਹੈ ਜਿਸ ਦੀ ਅਗਵਾਈ ਆਈ.ਜੀ. ਨੌਨਿਹਾਲ ਸਿੰਘ ਕਰਨਗੇ। ਇਸ ਜਾਂਚ ਟੀਮ ਵਿੱਚ ਮੁਹਾਲੀ ਦੇ ਐੱਸ.ਐੱਸ.ਪੀ ਸਤਿੰਦਰ ਸਿੰਘ ਅਤੇ ਫ਼ਰੀਦਕੋਟ ਦੇ ਐੱਸ.ਐੱਸ.ਪੀ ਸਵਰਨਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।