ਚੰਡੀਗੜ੍ਹ, 4 ਅਗਸਤ
ਪੰਜਾਬ ਪੁਲੀਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਸਟਿਸ ਰਣਜੀਤ ਸਿੰਘ ਦੀਆਂ ਸਿਫਾਰਸ਼ਾਂ ਅੁਨਸਾਰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦਸ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ਦੇ ਮਾਮਲੇ ਨੂੰ ਲੈ ਕੇ ਕਾਫੀ ਵਿਚਾਰ ਵਟਾਂਦਰਾ ਕੀਤਾ। ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਗ੍ਰਹਿ ਵਿਭਾਗ ਨੇ ਕੇਸ ਦਰਜ ਲਈ ਪੰਜਾਬ ਪੁਲੀਸ ਦੇ ਮੁਖੀ ਨੂੰ ਇਕ ਦਿਨ ਪਹਿਲਾਂ ਸਬੰਧਤ ਫਾਈਲ ਭੇਜ ਦਿੱਤੀ ਸੀ। ਕਮਿਸ਼ਨ ਦੀਆਂ ਸਿਫਾਰਸ਼ ਅਨੁਸਾਰ ਜਿਨ੍ਹਾਂ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਂਅ ਬਾਜਾਖਾਨਾ ਪੁਲੀਸ ਥਾਣੇ ਵਿੱਚ ਪਹਿਲਾਂ ਹੀ ਦਰਜ ਐਫ.ਆਈ.ਆਰ. ਨੰਬਰ 130 ਵਿੱਚ ਜੋੜੇ ਜਾਣੇ ਹਨ, ਉਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦਾ ਤਤਕਾਲੀ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ, ਐਸ.ਪੀ.ਬਿਕਰਮਜੀਤ ਸਿੰਘ, ਲਾਡੋਵਾਲ ਦਾ ਐਸ.ਐਸ.ਓ .ਹਰਪਾਲ ਸਿੰਘ ,ਇੰਸਪੈਕਟਰ ਪਰਦੀਪ ਸਿੰਘ, ਸਬ ਇੰਸਪੈਕਟਰ ਅਰੀਅਰਜੀਤ ਸਿੰਘ, ਹਵਾਲਦਾਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਿਪਾਹੀ ਸ਼ਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਨਾਵਾਂ ਦੀ ਚਰਚਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਜੁਲਾਈ ਨੂੰ ਕੀਤੀ ਪ੍ਰੈਸ ਕਾਨਫਰੰਸ ਵਿਚ ਕੀਤੀ ਸੀ । ਇਸੇ ਦੌਰਾਨ ਪੀ.ਸੀ.ਐਸ.ਐਸੋਸੀਏਸ਼ਨ ਪੰਜਾਬ ਦਾ ਇੱਕ ਵਫਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮਿਲਿਆ ਤੇ ਕੋਟਕਪੂਰਾ ਦੇ ਐਸ.ਡੀ.ਐਮ .ਹਰਜੀਤ ਸਿੰਘ ਸੰਧੂ ਦੀ ਗੋਲੀ ਕਾਂਡ ਵੇਲੇ ਸਥਿਤੀ ਨੂੰ ਬਿਆਨ ਕਰਦਿਆਂ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ। ਪਤਾ ਲੱਗਾ ਹੈ ਕਿ ਵਫਦ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਐੱਸ.ਡੀ.ਐੱਮ .ਨੇ ਪੁਲੀਸ ਨੂੰ ਕੇਵਲ ਹਵਾਈ ਫਾਇਰ ਕਰਨ ਦੇ ਹੁਕਮ ਦਿਤੇ ਸਨ।