ਅੰਬਾਲਾ: ਮੁਲਾਣਾ ਮਹਾਰਾਣਾ ਪ੍ਰਤਾਪ ਨੈਸ਼ਨਲ ਕਾਲਜ ਨੇੜੇ ਬਸਪਾ ਆਗੂ ਕਤਲ ਕਾਂਡ ਦੇ ਮੁੱਖ ਸ਼ੂਟਰ ਨਾਲ ਅੰਬਾਲਾ ਪੁਲਿਸ ਅਤੇ ਹਰਿਆਣਾ ਐਸਟੀਐਫ ਦਾ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਫਾਇਰ ਕੀਤੇ ਗਏ। ਮੁਕਾਬਲੇ ਵਿੱਚ ਅੰਬਾਲਾ ਪੁਲਿਸ ਅਤੇ ਹਰਿਆਣਾ ਐਸਟੀਐਫ ਦੇ ਜਵਾਨਾਂ ਨੇ ਹਰਬਿਲਾਸ ਰੱਜੂਮਾਜਰਾ ਕਤਲ ਕਾਂਡ ਦੇ ਮੁੱਖ ਸ਼ੂਟਰ ਨੂੰ ਮਾਰ ਗਿਰਾਇਆ, ਇਸ ਮੁਕਾਬਲੇ ਵਿੱਚ 3 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਅੰਬਾਲਾ ਛਾਉਣੀ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅੰਬਾਲਾ ਪੁਲਿਸ ਅਤੇ ਹਰਿਆਣਾ ਐਸਟੀਐਫ ਨੂੰ ਬਸਪਾ ਆਗੂ ਕਤਲ ਕੇਸ ਦੇ ਮੁੱਖ ਸ਼ੂਟਰ ਸਾਗਰ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ‘ਤੇ ਪੁਲਿਸ ਟੀਮ ਨੇ ਸਾਂਝੀ ਕਾਰਵਾਈ ਕੀਤੀ। ਸ਼ੂਟਰ ਸਾਗਰ ਨੇ ਜਿਵੇਂ ਹੀ ਪੁਲਿਸ ਨੂੰ ਦੇਖਿਆ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਹਰਿਆਣਾ ਐਸਟੀਐਫ ਅਤੇ ਅੰਬਾਲਾ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਕਰਾਸ ਫਾਇਰਿੰਗ ‘ਚ ਸਾਗਰ ਦੀ ਮੌਤ ਹੋ ਗਈ।

ਅੰਬਾਲਾ ‘ਚ ਹੋਏ ਮੁਕਾਬਲੇ ‘ਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਜਨਰਲ ਹਸਪਤਾਲ ‘ਚ ਇਲਾਜ ਜਾਰੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੁਕਾਬਲੇ ਵਿੱਚ ਮਾਰੇ ਗਏ ਮੁੱਖ ਸ਼ੂਟਰ ਸਾਗਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸ ਦਈਏ ਕਿ ਬਸਪਾ ਨੇਤਾ ਹੱਤਿਆ ਕਾਂਡ ‘ਚ ਅੰਬਾਲਾ ਪੁਲਿਸ ਨੇ ਹਰਿਆਣਾ ਐਸਟੀਐਫ ਨਾਲ ਮਿਲ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਸੀ।