ਬਰੈਂਪਟਨ: ਪਿੱਛੇ ਜਿਹੇ ਨੌਜਵਾਨਾਂ ਨੂੰ ਲੈ ਕੇ ਬਰੈਂਪਟਨ ਵਿੱਚ ਹਿੰਸਾ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਖਾਸ ਤੌਰ ਉੱਤੇ ਸ਼ੌਪਰਜ਼ ਵਰਲਡ ਪਲਾਜ਼ਾ ਤੇ ਸ਼ੈਰੀਡਨ ਕਾਲਜ ਵਿੱਚ ਵਾਪਰੀਆਂ। ਇਨ੍ਹਾਂ ਹਿੰਸਕ ਘਟਨਾਵਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਰਹੀ ਹੈ ਤੇ ਤੇਜ਼ੀ ਨਾਲ ਵੱਧ ਰਹੀ ਹਿੰਸਾ ਤੇ ਕਮਿਊਨਿਟੀ ਦੀ ਸੇਫਟੀ ਨੂੰ ਲੈ ਕੇ ਸਾਡੇ ਆਫਿਸਾਂ ਨੂੰ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਕਾਲਜ਼ ਤੇ ਈਮੇਲਜ਼ ਮਿਲ ਰਹੀਆਂ ਹਨ।
ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਆਮੈਂਟ ਰਾਜ ਗਰੇਵਾਲ, ਬਰੈਂਪਟਨ ਵੈਸਟ ਤੋਂ ਐਮਪੀ ਕਮਲ ਖਹਿਰਾ, ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ ਤੇ ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਨੇ ਉਕਤ ਬਿਆਨ ਜਾਰੀ ਕਰਦਿਆਂ ਆਖਿਆ ਕਿ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣਾ ਸਾਡੀ ਮੁੱਖ ਤਰਜੀਹ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਬਰੈਂਪਟਨ ਦੇ ਮੇਅਰ, ਪੀਲ ਰੀਜਨਲ ਪੁਲਿਸ ਮੁਖੀ, ਨਵੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੋਵਿੰਸ਼ੀਅਲ ਐਡਮਨਿਸਟ੍ਰੇਸ਼ਨ ਤੇ ਸ਼ੈਰੀਡਨ ਕਾਲਜ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰਾਂਗੇ ਕਿ ਆਖਿਰਕਾਰ ਹਿੰਸਾ ਵਿੱਚ ਹੋਏ ਇਸ ਵਾਧੇ ਦਾ ਮੂਲ ਕਾਰਨ ਕੀ ਹੈ।
ਸਾਨੂੰ ਸਰਕਾਰ ਦੇ ਹਰ ਪੱਧਰ ਉੱਤੇ ਰਲ ਕੇ ਕੰਮ ਕਰਨਾ ਹੋਵੇਗਾ ਤੇ ਸਾਡੀ ਕਮਿਊਨਿਟੀ ਨੂੰ ਦਰਪੇਸ਼ ਇਸ ਤਰ੍ਹਾਂ ਦੀ ਸਮੱਸਿਆ ਨੂੰ ਰਲ ਕੇ ਹੱਲ ਕਰਨਾ ਹੋਵੇਗਾ। ਅਸੀਂ ਸਮੂਹ ਬਰੈਂਪਟਨ ਵਾਸੀਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਭਵਿੱਖ ਵਿੱਚ ਇਸ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਹਰ ਸੰਭਵ ਉਪਰਾਲਾ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਇਹ ਸਮਝ ਸਕ ਰਹੇ ਹਾਂ ਕਿ ਕਮਿਊਨਿਟੀ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਧਾਉਣ ਲਈ ਕੌਮਾਂਤਰੀ ਵਿਦਿਆਰਥੀ ਮੁੱਖ ਤੌਰ ਉੱਤੇ ਜਿ਼ੰਮੇਵਾਰ ਹਨ। ਅਸੀਂ ਪੀਲ ਰੀਜਨਲ ਪੁਲਿਸ ਨੂੰ ਇਸ ਸਬੰਧ ਵਿੱਚ ਜਾਂਚ ਕਰਨ ਤੇ ਆਪਣੀਆਂ ਲੱਭਤਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਵੀ ਆਖਿਆ ਹੈ।
ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੇ ਕੈਨੇਡਾ ਵਿੱਚ ਕੋਈ ਵੀ ਅਸਥਾਈ ਇਮੀਗ੍ਰੇਸ਼ਨ ਸਟੇਟਸ ਵਾਲਾ, ਜਿਨ੍ਹਾਂ ਵਿੱਚ ਕੌਮਾਂਤਰੀ ਵਿਦਿਆਰਥੀ ਵੀ ਸ਼ਾਮਲ ਹਨ, ਕ੍ਰਿਮੀਨਲ ਕੋਡ ਤਹਿਤ ਚਾਰਜ ਕੀਤਾ ਜਾਂਦਾ ਹੈ ਤੇ ਜੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਡੀਪੋਰਟ ਕੀਤਾ ਜਾਵੇਗਾ। ਅਸੀਂ ਕਮਿਊਨਿਟੀ ਮੈਂਬਰਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਉਹ ਚੇਤੇ ਰੱਖਣ ਕਿ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਬਹੁਗਿਣਤੀ ਕੈਨੇਡਾ ਵਿੱਚ ਆਪਣੀ ਸਿੱਖਿਆ ਨੂੰ ਉੱਚ ਮਿਆਰੀ ਬਣਾਉਣ ਤੇ ਕੈਨੇਡਾ ਵਿੱਚ ਯੋਗਦਾਨ ਪਾਉਣ ਲਈ ਆਉਂਦੇ ਹਨ। ਉਹ ਇੱਥੇ ਸਖ਼ਤ ਮਿਹਨਤ ਕਰਦੇ ਹਨ ਤੇ ਕਮਿਊਨਿਟੀ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਮੈਂਬਰ ਬਣਦੇ ਹਨ। ਫਿਰ ਵੀ ਲੋੜ ਪੈਣ ਉੱਤੇ ਸਾਨੂੰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।