ਸਟਾਰ ਨਿਊਜ਼:- ਉਨਟੈਰੀਓ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ 55,000 ਕਾਮਿਆਂ ਦੀ ਨੁਮਾਇੰਦਾ ਯੂਨੀਅਨ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈ (ਕਿਊਪ) ਵਲੋਂ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਸਕੂਲਾਂ ਵਿੱਚ 30 ਸਤੰਬਰ ਨੂੰ ਹੜਤਾਲ ਹੋ ਸਕਦੀ ਹੈ ਇਸ ਲਈ ਮੈਂਬਰਾਂ ਵਲੋਂ ਵੱਡੀ ਗਿਣਤੀ 93% ਨੇ ਇਸ ਦੇ ਹੱਕ ਵਿੱਚ 16 ਸਤੰਬਰ ਨੂੰ ਵੋਟ ਪਾਈ ਸੀ, ਸੂਬੇ ਭਰ ਵਿੱਚ ਅਗਸਤ ਤੋਂ 15 ਸਤੰਬਰ ਤੱਕ ਸਾਰੇ ਮੈਂਬਰਾਂ ਵਲੋਂ ਜੌਬ ਐਕਸ਼ਨ ਦੇ ਸਬੰਧ ਵਿੱਚ ਰਾਏ ਮੰਗੀ ਗਈ ਸੀ ਜਿਸ ਦੇ ਨਤੀਜੇ ਵਜੋਂ 93% ਯੂਨੀਅਨ ਮੈਂਬਰਾਂ ਦੇ ਹੜਤਾਲ ਦੇ ਹੱਕ ਵਿੱਚ ਵੋਟ ਪਾਈ ਹੈ।
ਪੀਲ ਅਤੇ ਡਫਰਿਨ ਵਿੱਚ ਕਿਊਪ ਲੋਕਲ 2544 ਪੀਲ ਡਿਸਟ੍ਰਿਕ ਸਕੂਲ ਬੋਰਡ ਦੇ ਤਕਰੀਬਨ 15,00 ਕਾਮਿਆਂ ਦੀ ਅਤੇ ਡਫਰਿਨ-ਪੀਲ ਕੈਥਲਿਕ ਡਿਸਟ੍ਰਿਕ ਸਕੂਲ ਬੋਰਡ ਦੇ 410 ਸਕੂਲੀ ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ। ਜਦੋਂ ਹੜਤਾਲ ਹੋਣੀ ਹੈ ਯੂਨੀਅਨ ਵਲੋਂ ਮਾਪਿਆਂ ਨੂੰ 5 ਦਿਨ ਦਾ ਨੋਟਿਸ ਦੇਣਾ ਲਾਜ਼ਮੀ ਹੈ। ਖ਼ਬਰ ਲਿਖਣ ਤੱਕ ਕਿਸੇ ਵੀ ਯੂਨੀਅਨ ਜਾਂ ਫੈਡਰੇਸ਼ਨ ਨੇ ਬੋਰਡ ਨੂੰ ਹੜਤਾਲ ਸਬੰਧੀ ਜਾਣਕਾਰੀ ਨਹੀਂ ਦਿੱਤੀ ਇਹ ਕਹਿਣਾ ਹੈ ਕਾਰਲਾ ਪਰੇਰਾ ਦਾ ਜਿਹੜੀ ਪੀਲ ਡਿਸਟ੍ਰਿਕ ਸਕੂਲ ਬੋਰਡ ਵਿੱਚ ਕਮਿਊਨਿਕੇਸ਼ਨ ਐਂਡ ਕਮਿਊਨਿਟੀ ਰਿਲੇਸ਼ਨ ਦੀ ਡਾਇਰੈਕਟਰ ਹੈ। ਉਸ ਦਾ ਕਹਿਣਾ ਸੀ ਕਿ ਅਸੀਂ ਅਜੇ ਕੁੱਝ ਨਹੀਂ ਦੱਸ ਸਕਦੇ ਕਿ ਬੋਰਡ ਨੇ ਕੀ ਕਰਨਾ ਹੈ ਜਦੋਂ ਤੱਕ ਕਿਸੇ ਸੰਭਾਵਿਤ ਜੌਬ ਐਕਸ਼ਨ ਦਾ ਪਤਾ ਨਹੀਂ ਲੱਗਦਾ।
ਡਫਰਿਨ-ਪੀਲ ਕੈਥਲਿਕ ਡਿਸਟ੍ਰਿਕ ਸਕੂਲ ਬੋਰਡ ਦੇ ਕਮਿਊਨਿਕੇਸ਼ਨ ਐਂਡ ਕਮਿਊਨਿਟੀ ਰਿਲੇਸ਼ਨ ਦੇ ਜਨਰਲ ਮੈਨੇਜਰ ਬਰੂਸ ਕੈਂਪਬੈਲ ਦਾ ਕਹਿਣਾ ਹੈ ਕਿ ਸਾਡੀ ਪਲਾਨਿੰਗ ਦਾ ਇਹ ਇੱਕ ਹਿੱਸਾ ਹੈ ਕਿ ਜੇਕਰ ਸਿੱਖਿਆ ਦੇ ਖੇਤਰ ਵਿੱਚ ਕੋਈ ਵਿਘਨ ਪੈਣ ਦਾ ਖਦਸ਼ਾ ਦਿਸੇ ਤਾਂ ਅਸੀਂ ਬੱਚਿਆਂ ਨੂੰ ਸਿੱਖਿਆ ਅਤੇ ਸਟਾਫ ਤੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦੇ ਸਕੀਏ। ਜਿਸ ਵਿੱਚ ਬਿਜਲੀ ਦਾ ਜਾਣਾ, ਕੋਈ ਕੁਦਰਤੀ ਆਫਤ ਜਾਂ ਫਿਰ ਹੜਤਾਲ ਅਸੀਂ ਤਿਆਰ ਹਾਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸ ਤਰ੍ਹਾਂ ਦੀ ਹੜਤਾਲ ਹੁੰਦੀ ਹੈ। ਉਨਟੈਰੀਓ ਸਕੂਲ ਬੋਰਡ ਕੌਂਸਲ ਆਫ ਯੂਨੀਅਨਸ ਅਤੇ ਕਿਊਪ ਦੀ ਪ੍ਰਧਾਨ ਲੌਰਾ ਵਾਟਸਨ ਦਾ ਕਹਿਣਾ ਹੈ ਕਿ ਸਾਡੀ ਹੜਤਾਲ ਦਾ ਮਤਲਬ ਹੈ ਅਸੀਂ ਬੱਚਿਆਂ ਅਤੇ ਕਿਊਪ ਦੇ ਸਕੂਲੀ ਕਾਮਿਆਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਸੁਰੱਖਿਅਤ ਰੱਖਣ ਲਈ ਖੜ੍ਹਨਾ।
ਕੌਂਸਲ ਕਿਊਪ ਦੀ ਅਧਿਕਾਰਿਤ ਸੰਸਥਾ ਹੈ ਜਿਹੜੀ ਸਕੂਲੀ ਕਾਮਿਆਂ ਜਿਨ੍ਹਾਂ ਵਿੱਚ ਕਸਟੋਡੀਅਨ, ਮੈਂਟੇਨੈਂਸ ਵਰਕਰਜ਼, ਕਲਰਕ, ਸੈਕਟਰੀ, ਬਾਇਰਜ਼, ਆਡੀਓਵਿਜ਼ੂਅਲ ਰਿਪੇਅਰ ਕਾਮੇ, ਪ੍ਰਿੰਟਰ/ਬਾਈਂਡਰੀ ਓਪਰੇਟਰ, ਡਿਜੀਟਲ ਯੰਤਰ ਓਪਰੇਟਰ, ਲਾਈਬਰੇਰੀ ਟੈਕਨੀਸ਼ੀਅਨ, ਪੀ ਏ ਅਤੇ ਫੂਡ ਸਰਵਸਿਸ ਵਰਕਰਜ਼ ਆਦਿ ਲਈ ਗੱਲਬਾਤ ਕਰਦੀ ਹੈ। ਵਾਟਸਨ ਦਾ ਕਹਿਣਾ ਸੀ ਕਿ ਇਸ ਸਾਲ ਜਦੋਂ ਸਕੂਲ ਸ਼ੁਰੂ ਹੋਏ ਸਨ ਇਸ ਬਾਰ ਪਰਿਵਾਰਾਂ, ਬੱਚਿਆਂ ਅਤੇ ਕਾਮਿਆਂ ਲਈ ਕੁੱਝ ਵੱਖਰਾ ਮਾਹੌਲ ਸੀ ਕਿਊਂਕਿ ਫੋਰਡ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਕੱਟ ਲਾਏ ਹਨ। ਜਦੋਂ ਕਿ 30 ਸਤੰਬਰ ਨੇੜੇ ਆ ਰਹੀ ਹੈ ਕਿਊਪ ਅਜੇ ਵੀ ਸੂਬੇ ਨਾਲ ਕਿਸੇ ਨਤੀਜੇ ਤੇ ਪਹੁੰਚਣ ਲਈ ਗੱਲਬਾਤ ਕਰ ਰਹੀ ਹੈ। ਸੂਬਾ ਸਰਕਾਰ ਜਿੱਥੇ ਕਿਊਪ ਦੇ ਨਾਲ ਗੱਲਬਾਤ ਕਰ ਰਹੀ ਹੈ ਇਸ ਦੇ ਨਾਲ ਨਾਲ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਉਨਟੈਰੀਓ ਅਤੇ ਉਨਟੈਰੀਓ ਸਕੈਂਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨਾਲ ਵੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰ ਰਹੀ ਹੈ। ਇਨ੍ਹਾਂ ਸਾਰਿਆਂ ਦਾ ਮੌਜੂਦਾ ਕਰਾਰਨਾਮਾ ਬੀਤੀ 31 ਅਗਸਤ ਨੂੰ ਖ਼ਤਮ ਹੋ ਗਿਆ ਸੀ।