ਸਟਾਰ ਨਿਊਜ਼:- 2015 ਦੀਆਂ ਚੋਣਾਂ ਵਿੱਚ ਬਰੈਂਪਟਨ ਦੀਆਂ 5 ਸੀਟਾਂ ਲਿਬਰਲ ਨੇ ਜਿੱਤੀਆਂ ਸਨ, ਇਸ ਬਾਰ ਹੁਣ ਤੱਕ ਦੇ ਸਰਵੇਖਣਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਬਾਰ ਲਿਬਰਲ ਲਈ ਇਹ ਲੜਾਈ ਸੌਖੀ ਨਹੀਂ ਹੋਵੇਗੀ। ਬਰੈਂਪਟਨ ਦੇ ਇਨ੍ਹਾਂ 5 ਹਲਕਿਆਂ ਵਿੱਚ ਲਿਬਰਲ ਨੂੰ ਮੁੜ ਜਿੱਤਣ ਲਈ ਕਾਫੀ ਮੁਸ਼ੱਕਤ ਨਹੀਂ ਪਵੇਗੀ। ਬਰੈਂਪਟਨ ਜੀਟੀਏ ਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਇਲਾਕਾ ਹੈ ਜਿੱਥੇ ਸਿੱਖਾਂ ਦੀ ਬਹੁਤ ਵੱਡੀ ਅਬਾਦੀ ਹੈ, ਭਾਰਤ ਜਾਂ ਸਾਊਥਈਸਟ ਏਸ਼ੀਆ ਤੋਂ ਬਾਅਦ ਬਰੈਂਪਟਨ ਦਾ ਨਾਂ ਆਉਂਦਾ ਹੈ ਜਿੱਥੇ ਏਨੀ ਵੱਡੀ ਸਿੱਖ ਅਬਾਦੀ ਰਹਿੰਦੀ ਹੈ। ਸਿਆਸੀ ਮਾਹਿਰਾਂ ਦੀ ਅੱਖ ਇਸ ਬਾਰ ਬਰੈਂਪਟਨ ਦੀਆਂ 5 ਸੀਟਾਂ Ḕਤੇ ਹੈ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਇਹ ਹਲਕੇ ਜੰਗ ਦਾ ਮਦਾਨ ਬਣਨਗੇ।
ਐਨ ਡੀ ਪੀ ਦੇ ਜਗਮੀਤ ਸਿੰਘ ਇਸ ਤਰ੍ਹਾਂ ਦੇ ਪਹਿਲੇ ਸਿੱਖ ਅਤੇ ਘੱਟ ਗਿਣਤੀ ਭਾਈਚਾਰੇ ਤੋਂ ਹਨ ਜਿਹੜੇ ਕਿਸੇ ਫੈਡਰਲ ਪਾਰਟੀ ਦੇ ਲੀਡਰ ਹਨ, ਜਗਮੀਤ ਸਿੰਘ ਦੋ ਬਾਰ ਸੂਬਾ ਪੱਧਰ Ḕਤੇ ਬਰੈਮਲੀ-ਗੋਰ-ਮਾਲਟਨ ਤੋਂ ਚੋਣ ਜਿੱਤੇ ਹਨ ਇਸ ਵਿੱਚ ਬਰੈਂਪਟਨ ਦਾ ਕੁੱਝ ਹਿੱਸਾ ਆਉਂਦਾ ਹੈ। ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਵਿਅਕਤੀ ਦਾ ਫੈਡਰਲ ਪਾਰਟੀ ਦਾ ਲੀਡਰ ਚੁਣੇ ਜਾਣ ਨਾਲ ਉਨ੍ਹਾਂ ਲੋਕਾਂ ਲਈ ਮਾਣ ਦੀ ਗੱਲ ਹੈ। ਜਿਸ ਦੇ ਨਤੀਜੇ ਇਹ ਹਨ ਕਿ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਇਸ ਬਾਰ ਐਨ ਡੀ ਪੀ ਨੂੰ ਵੋਟ ਪਾਉਣ ਬਾਰੇ ਸੋਚ ਰਹੇ ਹਨ। ਬਰੈਂਪਟਨ ਦੇ ਇੱਕ ਸਿੱਖ ਵੋਟਰ ਦਾ ਕਹਿਣਾ ਹੈ ਕਿ ਮੈਨੂੰ ਖ਼ੁਸ਼ੀ ਹੈ ਕਿ ਇੱਕ ਸਿੱਖ ਫੈਡਰਲ ਪਾਰਟੀ ਦਾ ਲੀਡਰ ਹੈ, ਮੈਂ ਐਨ ਡੀ ਪੀ ਦਾ ਮੈਨੀਫੈਸਟੋ ਪੜ੍ਹ ਰਿਹਾ ਹਾਂ ਪਰ ਅਜੇ ਮੈਂ ਆਪਣਾ ਮਨ ਨਹੀਂ ਬਣਾਇਆ ਕਿ ਕਿਸ ਨੂੰ ਵੋਟ ਪਾਉਣੀ ਹੈ। ਪਰ ਛੇਤੀ ਹੀ ਮੈਂ ਆਪਣਾ ਮਨ ਬਣਾ ਲਵਾਂਗਾ। ਐਨ ਡੀ ਪੀ ਨੂੰ ਵੀ ਇਸ ਬਾਰ ਆਮ ਹੈ ਕਿ ਉਹ ਬਰੈਂਪਟਨ ਤੋਂ ਕੋਈ ਸੀਟ ਲਿਬਰਲ ਤੋਂ ਖੋਹ ਕੇ ਆਪਣਾ ਮੈਂਬਰ ਪਾਰਲੀਮੈਂਟ ਔਟਵਾ ਭੇਜੇਗੀ, ਪਰ ਐਨ ਡੀ ਪੀ ਲਈ ਵੀ ਇਹ ਲੜਾਈ ਸੌਖੀ ਨਹੀਂ ਹੋਵੇਗੀ। ਆਮ ਤੌਰ ਤੇ ਬਰੈਂਪਟਨ ਦੇ ਸਾਰੇ ਹਲਕਿਆਂ ਵਿੱਚ ਦੋ ਘੋੜਿਆਂ ਲਿਬਰਲ ਅਤੇ ਕੰਜ਼ਰਵਟਿਵ ਵਿੱਚ ਹੀ ਦੌੜ ਦੇਖਣ ਨੂੰ ਮਿਲਦੀ ਰਹੀ ਹੈ। 2011 ਵਿੱਚ ਜਦੋਂ ਬਰੈਂਪਟਨ ਵਿੱਚ ਸਿਰਫ਼ ਤਿੰਨ ਹਲਕੇ ਹੁੰਦੇ ਸਨ ਤਾਂ ਸਾਰਿਆਂ ਵਿੱਚ ਟੋਰੀ ਜਿੱਤੇ ਸਨ। 2015 ਵਿੱਚ ਜਦੋਂ ਇੱਥੇ 5 ਹਲਕੇ ਹੋ ਗਏ ਤਾਂ ਸਾਰੇ ਹਲਕਿਆਂ ਵਿੱਚ ਲਿਬਰਲ ਨੇ ਹੁੰਝਾ ਫੇਰ ਦਿੱਤਾ ਸੀ। ਨਵੇਂ ਸਰਵੇਖਣਾ ਮੁਤਾਬਿਕ ਲਿਬਰਲ ਅਤੇ ਕੰਜ਼ਰਵਟਿਵ ਬਰਾਬਰੀ ਤੇ ਚੱਲ ਰਹੇ ਹਨ। ਐਨ ਡੀ ਪੀ ਕਾਫੀ ਪਿੱਛੇ ਚੱਲ ਰਹੀ ਹੈ। ਭਾਵੇਂ ਬਰੈਂਪਟਨ ਦੇ ਪੰਜੇ ਹਲਕੇ ਬੜੇ ਖ਼ਾਸ ਹਨ ਪਰ ਬਰੈਂਪਟਨ ਈਸਟ ਤੇ ਇਸ ਬਾਰ ਖ਼ਾਸ ਨਜ਼ਰ ਹੈ, ਕਿਊਂਕਿ ਇਸ ਹਲਕੇ ਤੋਂ ਸਾਂਸਦ ਰਾਜ ਗਰੇਵਾਲ ਆਪਣੇ ਜੂਏ ਦੀ ਆਦਤ ਕਰਕੇ ਇਲਾਜ ਕਰਵਾ ਰਹੇ ਹਨ ਅਤੇ ਇਸ ਬਾਰ ਚੋਣ ਮਦਾਨ ਵਿੱਚ ਵੀ ਨਹੀਂ ਹਨ। ਇੱਥੋ ਲਿਬਰਲ ਪਾਰਟੀ ਨੇ ਇੱਕ ਨਵੇਂ ਉਮੀਦਵਾਰ ਮਨਿੰਦਰ ਸਿੱਧੂ ਨੂੰ ਆਪਣਾ ਉਮਦੀਵਾਰ ਬਣਾਇਆ ਹੈ। ਮਨਿੰਦਰ ਸਿੱਧੂ ਨੂੰ ਪੂਰੀ ਆਸ ਹੈ ਕਿ ਉਹ ਇਸ ਹਲਕੇ ਤੋਂ ਜਿੱਤੇਗਾ, ਪਰ ਉਸ ਨੂੰ ਜਿੱਤਣ ਲਈ ਉਸ ਨੂੰ ਕੰਜ਼ਰਵਟਿਵ ਦੀ ਰਮੋਨਾ ਸਿੰਘ ਅਤੇ ਐਨ ਡੀ ਪੀ ਦੇ ਸਰਨਜੀਤ ਸਿੰਘ, ਗਰੀਨ ਦੀ ਟੈਰੇਸਾ ਬਰਗੀਜ਼ ਅਤੇ ਪੀਪੀਸੀ ਦੇ ਗੌਰਵ ਵਾਲੀਆ ਨਾਲ ਮੁਕਾਬਲਾ ਕਰਨਾ ਹੋਵੇਗਾ। ਬੀਤੇ ਦਿਨੀਂ ਜਸਟਿਨ ਟਰੂਡੋ ਦੀ ਕਾਲੇ ਮੂੰਹ ਅਤੇ ਭੂਰੇ ਮੂੰਹ ਵਾਲੀ ਤਸਵੀਰ ਦਾ ਵੀ ਇਸ ਹਲਕੇ ਵਿੱਚ ਅਸਰ ਦੇਖਣ ਨੂੰ ਮਿਲੇਗਾ, ਜਿੱਥੇ 65æ8% ਅਬਾਦੀ ਸਾਊਥ ਏਸ਼ੀਅਨ ਭਾਈਚਾਰੇ ਦੀ ਹੈ। ਕੰਜ਼ਰਵਟਿਵ ਦੀ ਰਮੋਨਾ ਸਿੰਘ ਦਾ ਕਹਿਣਾ ਹੈ ਕਿ ਲੋਕ ਲਿਬਰਲ ਤੋਂ ਅੱਕ ਚੁੱਕੇ ਹਨ ਇਸ ਲਈ ਉਹ ਬਦਲਾਅ ਚਾਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਹਲਕੇ ਵਿੱਚ ਸੁਰੱਖਿਆ ਅਤੇ ਘਰਾਂ ਦਾ ਮੁੱਦਾ ਬੜਾ ਭਾਰੀ ਹੈ। ਇਸ ਬਾਰ ਇਸ ਹਲਕੇ ਵਿੱਚ 22,000 ਨਵੇਂ ਲੋਕ ਜੁੜੇ ਹਨ ਅਤੇ ਇੱਥੋਂ ਕਿਸੇ ਵੀ ਪਾਰਟੀ ਦਾ ਪੁਰਾਣਾ ਉਮੀਦਵਾਰ ਮਦਾਨ ਵਿੱਚ ਨਹੀਂ ਹੈ। ਇਸ ਲਈ ਵੀ ਇਹ ਹਲਕਾ ਦਿਲਚਸਪ ਬਣ ਗਿਆ ਹੈ।