ਏਕਮਜੋਤ ਸੰਧੂ ਨੂੰ ਬਰੈਂਪਟਨ ਵਿੱਚ ਵਾਪਰੇ ਜਾਨਲੇਵਾ ਸੜਕ ਹਾਦਸੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਉਬਰ ਟੈਕਸੀ ਵਿਚ ਸਫਰ ਕਰ ਰਹੇ ਯਾਤਰੀ ਦੀ ਮੌਤ ਹੋ ਗਈ ਸੀ। ਏਕਮਜੋਤ ਸੰਧੂ ਨੂੰ ਸਜ਼ਾ ਦਾ ਐਲਾਨ ਅਕਤੂਬਰ ਮਹੀਨੇ ਵਿੱਚ ਕੀਤਾ ਜਾਵੇਗਾ। ਇਸ ਹਾਦਸੇ ਦੀ ਘਟਨਾ 11 ਸਤੰਬਰ 2021 ਨੂੰ ਵਾਪਰੀ ਸੀ, ਜਦੋਂ ਏਕਮਜੋਤ ਸੰਧੂ ਆਪਣੀ ਕਾਲੇ ਰੰਗ ਦੀ ਫੌਕਸਵੈਗਨ ਜੈਟਾ ਕਾਰ ਨਾਲ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਬਰ ਟੈਕਸੀ ਨੂੰ ਟੱਕਰ ਮਾਰ ਦਿੰਦਾ ਹੈ, ਹਾਦਸੇ ਦੌਰਾਨ, ਉਸਦੀ ਸਾਬਕਾ ਗਰਲਫਰੈਂਡ ਜਸਨੀਤ ਬਡਵਾਲ ਵੀ ਉਸਦੇ ਨਾਲ ਸੀ, ਜਿਸਨੇ ਬਾਅਦ ਵਿੱਚ ਏਕਮਜੋਤ ਸੰਧੂ ਨੂੰ ਟੱਕਰ ਦੇ ਸਮੇਂ ਕਾਰ ਚਲਾ ਰਹੇ ਬੰਦੇ ਵਜੋਂ ਪਛਾਣਿਆ ਸੀ। ਘਟਨਾ ਸਮੇਂ ਏਕਮਜੋਤ ਸੰਧੂ ਨੇ ਦਾਅਵਾ ਕੀਤਾ ਸੀ ਕਿ ਉਸਨੇ ਸ਼ਰਾਬ ਤੇ ਭੰਗ ਦਾ ਸੇਵਨ ਕੀਤਾ ਹੋਇਆ ਹੋਣ ਕਾਰਨ ਕਾਰ ਜੈ ਨਾਮ ਦਾ ਸਖਸ਼ ਚਲਾ ਰਿਹਾ ਸੀ।
ਕੋਰਟ ਕਾਰਵਾਈ ਦੌਰਾਨ, ਜਿਊਰੀ ਨੇ ਮੋਕੇ ਦੀਆਂ ਗਵਾਹੀਆਂ ਅਤੇ ਪੁਲਿਸ ਵੱਲੋਂ ਪ੍ਰਦਾਨ ਕੀਤੇ ਦਸਤਾਵੇਜ਼ਾਂ ਦੇ ਆਧਾਰ ਤੇ ਏਕਮਜੋਤ ਸੰਧੂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਟੱਕਰ ਦੀ ਘਟਨਾ ਬਰੈਂਪਟਨ ਦੇ ਵਿੰਸਟਨ ਚਰਚਿਲ ਬੁਲੇਵਾਰਡ ‘ਤੇ ਵਾਪਰੀ ਸੀ, ਜਿੱਥੇ ਸੰਧੂ ਦੀ ਕਾਰ ਨੇ ਇੱਕ ਉਬਰ ਸੁਬਾਰੂ ਕਾਰ ਨੂੰ ਟੱਕਰ ਮਾਰੀ ਸੀ, ਜਿਸ ਵਿਚ ਸਵਾਰ ਯਾਤਰੀ ਮੈਥਿਊ ਕ੍ਰਜ਼ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਪੁਲਿਸ ਰਿਪੋਰਟਾਂ ਮੁਤਾਬਕ, ਇਸ ਸੜਕ ‘ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਹੱਦ ਹੈ, ਪਰ ਏਕਮਜੋਤ ਸੰਧੂ ਆਪਣੀ ਕਾਰ ਨੂੰ ਇਸ ਹੱਦ ਤੋਂ ਦੋ ਗੁਣਾ ਤੇਜ਼ੀ ਨਾਲ ਚਲਾ ਰਿਹਾ ਸੀ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਸੜਕ ਹਾਦਸਿਆਂ ਦੌਰਾਨ ਮੌਤਾਂ ਦੀ ਗਿਣਤੀ ਵਧੀ ਹੈ, 2022 ਵਿੱਚ 1,931 ਜਣਿਆਂ ਦੀ ਮੌਤ ਹੋਈ, ਜੋ 2021 ਦੇ ਮੁਕਾਬਲੇ 6% ਜਿਆਦਾ ਹੈ।