ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਸ਼ਨੀਵਾਰ ਦੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ‘ਚ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 10.00 ਵਜੇ ਪੁਲਸ ਅਧਿਕਾਰੀਆਂ ਨੂੰ ਫੋਨ ‘ਤੇ ਘਟਨਾ ਦੀ ਸੂਚਨਾ ਮਿਲੀ। ਉਨ੍ਹਾਂ ਨੂੰ ਦੱਸਿਆ ਕਿ ਬਰੈਂਪਟਨ ਦੇ ਚਿੰਗੁਕਾਊਸੀ ਰੋਡ ਨੇੜੇ ਲਿੰਡਰਵੁੱਡ ਡਰਾਈਵਰ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਦੋਂ ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀ ਇਲਾਕੇ ‘ਚ ਪੁੱਜੇ ਤਾਂ ਇਕ ਘਰ ਦੇ ਬਾਹਰ ਉਨ੍ਹਾਂ ਨੂੰ ਪੀੜਤ ਜ਼ਖਮੀ ਹਾਲਤ ਵਿਚ ਮਿਲਿਆ। ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਘਟਨਾ ਵਾਲੀ ਥਾਂ ‘ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਉਸ ਦੀ ਪਛਾਣ ਬਰੈਂਪਟਨ ਦੇ ਵਾਸੀ ਨਾਸਿਰ ਅਬਦਲਕੇਦਾਰ ਵਜੋਂ ਕੀਤੀ ਹੈ। 
ਇਕ ਗੁਆਂਢੀ ਟੋਨੀ ਕਰੀਨੋ ਨੇ ਦੱਸਿਆ ਕਿ ਉਸ ਨੇ 3 ਗੋਲੀਆਂ ਦੀ ਆਵਾਜ਼ ਸੁਣੀ ਅਤੇ ਸੋਚਿਆ ਕਿ ਹੋ ਸਕਦਾ ਹੈ ਕਿ ਕੋਈ ਆਤਿਸ਼ਬਾਜ਼ੀ ਕਰ ਰਿਹਾ ਹੈ। ਕਰੀਨੋ ਨੇ ਕਿਹਾ ਪਰ ਮੈਂ ਗਲਤ ਸੀ, ਇਹ ਗੋਲੀਬਾਰੀ ਦੀ ਆਵਾਜ਼ ਸੀ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਦੀ ਭਾਲ ‘ਚ ਜੁੱਟੀ ਹੋਈ ਹੈ। ਪੁਲਸ ਗੁਆਂਢੀ ਤੋਂ ਇਸ ਘਟਨਾ ਦੇ ਸੰਬੰਧ ‘ਚ ਹੋਰ ਪੁੱਛ-ਗਿੱਛ ਕਰ ਰਹੀ ਹੈ।