ਬਰੈਂਪਟਨ/ਸਟਾਰ ਨਿਊਜ਼ (ਸੰਤੋਸ਼ ਟਾਂਗਰੀ):-ਬਰੈਂਪਟਨ ਅੰਦਰ ਫੈਡਰਲ ਐਂਨਡੀਪੀ ਨੇ ਸਾਰੀਆਂ ਪੰਜੇ ਰਾਈਡਿੰਗਾਂ ਤੇ ਉਮੀਦਵਾਰ ਖੜੇ ਕਰ ਤਾਂ ਦਿੱਤੇ ਤੇ ਉਹਨਾਂ ਦੀ  ਮੀਡੀਆ ਪ੍ਰੋਮੋਸ਼ਨ ਲਈ ਰੀਜਨਲ ਆਫਿਸ ਵੀ  ਲਿਆਂਦਾ ਤੇ ਨਾਲ ਹੀ ਇੱਕ ਮੀਡੀਆ ਇੰਚਾਰਜ ਵੀ ਬਣਾ ਦਿੱਤਾ। ਪਰ ਐਂਨਡੀਪੀ ਦੇ ਕੁਝ ਉਮੀਦਵਾਰਾਂ ਦੇ ਸਮਰਥਕਾਂ ਵਿਚ ਇਸ ਗੱਲੋਂ ਰੋਸ ਹੈ ਕਿ ਬਾਕੀ ਦੇ ਪਾਰਟੀ ਉਮੀਦਵਾਰਾਂ ਦੇ ਮੁਕਾਬਲੇ  ਸਿਰਫ ਇੱਕ ਉਮੀਦਵਾਰ ਦੀ ਪ੍ਰੋਮੋਸ਼ਨ ਤੇ ਜਿਆਦਾ ਜ਼ੋਰ  ਲਾਇਆ  ਜਾ ਰਿਹਾ ਹੈ ਤੇ ਕਈ  ਉਮੀਦਵਾਰਾਂ ਨੂੰ ਇਸ ਬਾਰੇ ਘੱਟ ਮੀਡੀਆ ਪ੍ਰੋਮੋਸ਼ਨ ਮਿਲ ਰਹੀ ਹੈ।  ਕੁਝ ਅਜਿਹੇ ਸਮਰਥਕਾਂ ਨੇ ਆਪਣੇ ਨਾਂ ਨਾ ਦੱਸੇ ਜਾਨ ਦੀ ਸ਼ਰਤ ਤੇ ਕਿਹਾ ਕਿ ਘੁਸਰ ਮੁਸਰ ਤਾਂ ਹੋ ਰਹੀ ਹੈ ਪਰ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਡਰ ਤੋਂ ਕੋਈ ਮੂੰਹ ਖੋਲ੍ਹਣ ਲਈ  ਤੈਆਰ ਨਹੀਂ।
ਇਸ ਬਾਰੇ ਇਸ ਪੱਤਰਕਾਰ ਨੇ ਸੱਚ ਦਾ ਪਤਾ ਕਰਨ ਲਈ ਪਾਰਟੀ ਦੇ ਰੀਜਨਲ ਦਫਤਰ ਦਾ ਰੁੱਖ ਕੀਤਾ ਤੇ ਆਪਣਾ ਬਿਜਨੈਸ ਕਾਰਡ ਇੱਕ ਸਟਾਫ ਮੈਂਬਰ ਜਿਸਨੇ ਆਪਣੇ ਆਪ ਨੂੰ ਅੰਮ੍ਰਿਤ ਵਜੋਂ ਇੰਟਰੋਡਉਸ ਕੀਤਾ, ਨੂੰ ਦਿੱਤਾ ਤੇ ਕਿਹਾ ਇਕ ਕਿ ਮੀਡੀਆ ਇੰਚਾਰਜ ਨਾਲ ਕੁਝ  ਉਮੀਦਵਾਰਾਂ ਦੇ ਸਮਰਥਕਾਂ  ਵਲੋਂ ਰੋਸ ਕੀਤੇ ਜਾਨ ਬਾਰੇ ਗੱਲ ਕਰਕੇ ਰੀਐਕਸ਼ਨ ਜਾਨਣਾ ਹੈ। ਕਈ ਦਿਨ ਬੀਤ ਗਏ ਕੋਈ ਜੁਆਬ ਨਹੀਂ ਆਇਆ, ਫੋਨ ਕੀਤਾ ਤਾਂ ਚੁੱਕਿਆ ਨਹੀਂ ਤੇ ਵੋਏਸ ਮੇਲ ਦਾ ਬਾਕਸ ਫੁਲ ਹੋਣ ਕਰਕੇ ਮੈਸੇਜ ਵੀ ਨਹੀਂ ਛੱਡ ਸਕਿਆ।
ਇਸੇ ਦੌਰਾਨ ਬਰੈਂਪਟਨ ਵੈਸਟ ਤੋਂ ਪਿਛਲੀ ਪ੍ਰੋਵਿੰਸ਼ਲ ਚੋਣ ਦੌਰਾਨ  ਉਮੀਦਵਾਰ ਜਗਰੂਪ ਸਿੰਘ ਜੋ ਮਹਜ ਕੁਝ ਸੌ ਵੋਟਾਂ ਦੇ ਫਰਕ ਨਾਲ ਹਾਰੇ ਸਨ ਨੇ, ਪਾਰਟੀ ਨੂੰ ਛੱਡਣ ਦਾ ਐਲਾਨ ਕਰਦਿਆਂ ਦੋਸ਼ ਲਗਾਇਆ ਕਿ ਪਾਰਟੀ ਨੇ ਹੁਣ ਪਾਰਟੀ ਦੇ ਲਈ ਕੱਮ ਕਰ ਰਹੇ ਅਸਲੀ ਸਮਰਥਕਾਂ ਤੇ ਵਲੰਟੀਅਰਾਂ ਨੂੰ ਛੱਡ ਕੇ ਬਾਹਰੋਂ ਪੈਰਾਸ਼ੂਟ ਕਰਕੇ ਉਮੀਦਵਾਰ ਉਤਾਰ ਦਿੱਤੇ। ਇੱਕ ਬਿਆਨ ਵਿਚ ਉਸਨੇ ਕਿਹਾ ਕਿ ਜਿਸ ਤਰੀਕੇ ਨਾਲ ਫੈਡਰਲ ਐਂਨਡੀਪੀ ਪੁਰਾਣੇ ਸਮਰਥਕਾਂ ਦੀ ਅਣਦੇਖੀ ਕਰ ਰਹੀ ਹੈ, ਹੁਣ ਉਹ ਐਨਡੀਪੀ ਦੇ ਵਾਇਦਿਆਂ ਤੇ ਯਕੀਨ ਨਹੀਂ ਕਰਦਾ।  ਉਸਨੇ ਲਿਬਰਲ  ਉਮੀਦਵਾਰ ਕਮਲ ਦੇ ਸਮਰਥਨ ਦਾ ਐਲਾਨ ਕਰ ਦਿੱਤਾ।
ਇੰਨਾ ਸਬ ਕੁਝ ਹੋ ਗਿਆ ਲੇਕਿਨ ਮੀਡੀਆ ਇੰਚਾਰਜ ਦੇ ਕੰਨਾਂ ਤੇ ਸ਼ਾਇਦ ਅਜੇ ਤੱਕ ਇਸ ਦੀ ਭਿਣਕ ਨਹੀਂ ਪਈ, ਇਸ ਪੱਤਰਕਾਰ ਨੇ ਸੋਚਿਆ ਚਲੋ ਇਸ ਬਾਰੇ ਸ਼ਾਇਦ ਪਾਰਟੀ ਦੀ ਬਰੈਂਪਟਨ ਸੈਂਟਰ ਤੋਂ ਐਮਪੀਪੀ ਸਾਰਾ ਸਿੰਘ ਨੂੰ ਹੀ  ਪੁੱਛ ਲਿਆ ਜਾਵੇ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ  ਮੀਡੀਆ ਇੰਚਾਰਜ ਨੇ ਕਿਓਂ ਇਸ ਬਾਰੇ ਚੁੱਪ ਧਾਰੀ ਹੋਈ ਹੈ। ਉਸ ਨੂੰ ਫਿਕਰ ਸੀ ਕਿ ਇਸ ਸਾਰੇ  ਹਾਲਾਤ ਦੀ ਵਜ੍ਹਾ ਨਾਲ ਪਾਰਟੀ ਦੇ ਉਮੀਦਵਾਰਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਜਦੋਂ ਸਾਰਾ ਸਿੰਘ  ਨੂੰ ਦੱਸਿਆ ਗਿਆ ਕਿ ਜਗਮੀਤ ਸਿੰਘ ਜੀ ਤਾਂ ਬਰੈਂਪਟਨ ਵਿਚ ਚੋਣਵੇਂ ਪੱਤਰਕਾਰਾਂ ਦੀ ਮੌਜਦਗੀ ਵਿਚ ਵੱਡੀ ਪ੍ਰੈਸ ਕਾਨਫਰੰਸ ਕਰਕੇ ਗਏ ਹਨ, ਤਾਂ ਸਾਰਾ ਸਿੰਘ ਨੇ ਕਿਹਾ ਸ਼ਾਇਦ  ਜਗਮੀਤ ਸਿੰਘ ਜੀ ਨੂੰ ਇਸ ਸਾਰੇ ਹਾਲਤ ਦਾ ਪਤਾ ਹੋਵੇਗਾ।
ਪਰ ਅਜੇ ਤੱਕ ਪਾਰਟੀ ਦੇ ਕੁਝ ਉਮੀਦਵਾਰਾਂ ਦੇ ਸਮਰਥਕ ਹੈਰਾਨ ਤੇ  ਪ੍ਰੇਸ਼ਾਨ ਹਨ ਕਿ ਸਿਰਫ ਇੱਕ ਉਮੀਦਵਾਰ ਤੇ ਹੀ ਕਿਓਂ  ਇੰਨਾ ਮੀਡੀਆ ਪ੍ਰੋਮੋਸ਼ਨ ਕੀਤਾ ਜਾ ਰਿਹਾ ਹੈ। ਖੈਰ ਇਸ ਸਬ ਦਾ ਫਾਇਦਾ ਲਿਬਰਲ ਉਮੀਦਵਾਰਾਂ ਨੂੰ ਹੋਵੇਗਾ, ਕੰਜਰਵੇਟਿਵ ਉਮੀਦਵਾਰਾਂ ਨੂੰ ਸ਼ਾਇਦ ਨਾ ਹੋਵੇ।