ਜੋਹੈਨਸਬਰਗ, 23 ਅਗਸਤ
ਬਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਅਫ਼ਰੀਕਾ ਪਹੁੰਚ ਗਏ। ਇਸ ਮੌਕੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਦੁਨੀਆ ਲਈ ਵਿਕਾਸ ਦਾ ਇੰਜਣ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ‘ਮਿਸ਼ਨ-ਮੋਡ’ ਸੁਧਾਰਾਂ ਨਾਲ ਕਾਰੋਬਾਰ ਕਰਨ ਦੀ ਸੌਖ ਵਧੀ ਹੈ। ਮੋਦੀ ਬਰਿਕਸ ਬਿਜ਼ਨਸ ਫੋਰਮ ਦੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ‘ਸਟਾਰਟਅੱਪਸ’ ਦਾ ਕੇਂਦਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੋਹੈਨਸਬਰਗ ਵਿਚ ਬਣ ਰਹੇ ਸਵਾਮੀਨਾਰਾਇਣ ਮੰਦਰ ਦੇ ਮਾਡਲ ਨੂੰ ਵੀ ਦੇਖਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਦੱਖਣੀ ਅਫ਼ਰੀਕਾ ਪਹੁੰਚਣ ’ਤੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚਣ ’ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲੇ। ਇਸ ਮੌਕੇ ਕਈ ਸਥਾਨਕ ਭਾਰਤੀ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੋਦੀ ਨੇ ਵਿਸ਼ੇਸ਼ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ।
ਦੋ ਭਾਰਤੀ ਮਹਿਲਾਵਾਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਵੀ ਬੰਨ੍ਹੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬਰਿਕਸ ਸੰਮੇਲਨ ਵਾਲੀ ਥਾਂ ਸੈਂਡਟਨ ਸਨ ਹੋਟਲ ਲਈ ਰਵਾਨਾ ਹੋ ਗਏ। ਹੋਟਲ ਵਿਚ ਉਨ੍ਹਾਂ ‘ਬਿਜ਼ਨਸ ਫੋਰਮ’ ਦੇ ਆਗੂਆਂ ਨਾਲ ਗੱਲਬਾਤ ਤੋਂ ਪਹਿਲਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਮੋਦੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਦੇ ਸੱਦੇ ਉਤੇ 22-24 ਅਗਸਤ ਤੱਕ ਅਫ਼ਰੀਕੀ ਮੁਲਕ ਦੇ ਦੌਰੇ ਉਤੇ ਪੁੱਜੇ ਹਨ। ਇਸ ਗਰੁੱਪ ਵਿਚ ਬ੍ਰਾ਼ਜ਼ੀਲ, ਰੂਸ, ਚੀਨ, ਭਾਰਤ ਤੇ ਦੱਖਣ ਅਫ਼ਰੀਕਾ ਸ਼ਾਮਲ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਬਰਿਕਸ ਵੱਖ-ਵੱਖ ਖੇਤਰਾਂ ਵਿਚ ਮਜ਼ਬੂਤ ਤਾਲਮੇਲ ਦੀ ਤਰਜਮਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਦੀ ਕਦਰ ਕਰਦਾ ਹੈ ਕਿ ਬਰਿਕਸ ਪੂਰੇ ‘ਗਲੋਬਲ ਸਾਊਥ’ ਦੀਆਂ ਸਮੱਸਿਆਵਾਂ ਉਤੇ ਵਿਚਾਰ-ਚਰਚਾ ਦਾ ਮੰਚ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਵਿਚ ਬਰਿਕਸ ਨੂੰ ਭਵਿੱਖੀ ਤਾਲਮੇਲ ਦੇ ਖੇਤਰਾਂ ਦੀ ਸ਼ਨਾਖ਼ਤ ਕਰਨ ਅਤੇ ਸੰਸਥਾਗਤ ਵਿਕਾਸ ਦੀ ਸਮੀਖਿਆ ਦਾ ਮੌਕਾ ਮਿਲੇਗਾ। ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਬਰਿਕਸ-ਅਫਰੀਕਾ ਆਊਟਰੀਚ ਤੇ ਬਰਿਕਸ ਪਲੱਸ ਡਾਇਲਾਗ ਸਮਾਗਮਾਂ ਵਿਚ ਵੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਮੋਦੀ ਦਾ ਅੱਜ ਵਾਰਟਕਲੂਫ ਏਅਰਫੋਰਸ ਬੇਸ ’ਤੇ ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਪੌਲ ਮੈਸ਼ੇਟਾਇਲ ਨੇ ਸਵਾਗਤ ਕੀਤਾ। ਇੱਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।