ਚੰਡੀਗੜ੍ਹ, ਹਰਿਆਣਾ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਦੀ 24 ਸਾਲਾ ਧੀ ਦਾ ਪਿੱਛਾ ਕਰਨ ਤੇ ਛੇੜਛਾੜ ਦੇ ਮਾਮਲੇ ਵਿੱਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਖ਼ਿਲਾਫ਼ ਚੰਡੀਗੜ੍ਹ ਪੁਲੀਸ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਯੂਟੀ ਪੁਲੀਸ ਉਤੇ ਅੱਜ ਰਾਜਸੀ ਦਬਾਅ ਹੇਠ ਕਾਰਵਾਈ ਕਰਨ ਦੇ ਦੋਸ਼ ਲੱਗਦੇ ਰਹੇ। ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਕੁੜੀ ਨੇ ਸਪੱਸ਼ਟ ਤੌਰ ’ਤੇ ਅਗਵਾ ਦੀ ਕੋਸ਼ਿਸ਼ ਅਤੇ ਇੱਜ਼ਤ ਨੂੰ ਖ਼ਤਰੇ ਦਾ ਖ਼ਦਸ਼ਾ ਦੱਸਦਿਆਂ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲੀਸ ਨੇ ਦੋਵੇਂ ਨੌਜਵਾਨਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ। ਦੱਸਣਯੋਗ ਹੈ ਕਿ 4 ਤੇ 5 ਅਗਸਤ ਦੀ ਰਾਤ ਨੂੰ ਇਸ ਕੁੜੀ ਦੇ ਜਿਸ ਬਿਆਨ ਉਤੇ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ, ਉਸ ਵਿੱਚ ਅਗਵਾ, ਛੇੜਛਾੜ ਤੇ ਇੱਜ਼ਤ ਨੂੰ ਖ਼ਤਰਾ ਦੱਸਿਆ ਗਿਆ ਹੈ।
ਇਸ ਕੁੜੀ ਨੇ ਸ਼ਿਕਾਇਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਸ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਦਾ ਉਸ ਨੂੰ ਅਗਵਾ ਕਰਨ ਦਾ ਇਰਾਦਾ ਸੀ ਅਤੇ ਉਦੋਂ ਉਸ ਦੀ ਅਜ਼ਮਤ ਖ਼ਤਰੇ ਵਿੱਚ ਸੀ। ਚੰਡੀਗੜ੍ਹ ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਉਸ ਨੂੰ ਬਚਾਅ ਲਿਆ। ਐਤਵਾਰ ਨੂੰ ਪੁਲੀਸ ਨੇ ਅਦਾਲਤ ’ਚੋਂ ਕੁੜੀ ਦੇ ਬਿਆਨਾਂ ਦੀ ਕਾਪੀ ਪ੍ਰਾਪਤ ਕਰਕੇ ਇਸ ਨੂੰ ਰਾਇ ਲਈ ਕਾਨੂੰਨ ਵਿਭਾਗ ਕੋਲ ਭੇਜ ਦਿੱਤਾ ਹੈ।
ਹਾਲਾਂਕਿ ਪੁਲੀਸ ਨੇ ਇਸ ਮਾਮਲੇ ’ਚ ਨਿਰਪੱਖ ਜਾਂਚ ਕਰਨ ਦਾ ਦਾਅਵਾ ਕੀਤਾ ਹੈ ਅਤੇ ਲੀਗਲ ਰਾਇ ਮਿਲਣ ਬਾਅਦ ਨੌਜਵਾਨਾਂ ਨੂੰ ਮੁੜ ਜਾਂਚ ਵਿੱਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਹੈ। ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਨੂੰਨੀ ਰਾਇ ਲਈ ਜਾ ਰਹੀ ਹੈ ਅਤੇ ਨੌਜਵਾਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੈਕਟਰ-26 ਦੇ ਥਾਣੇ ਵਿੱਚ ਦੋਵੇਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਡੀ (ਛੇੜਛਾੜ), 341 (ਰਾਹ ਡੱਕਣ ਦੀ ਕੋਸ਼ਿਸ਼) ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 158 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸਫਾਰੀ (ਐਚਆਰ-23 ਜੀ 1008) ਵੀ ਜ਼ਬਤ ਕਰ ਲਈ ਗਈ ਹੈ।
ਪੁਲੀਸ ਦੇ ਧਾਰਾਵਾਂ ਬਦਲਣ ਵਿੱਚ ਕੂਹਣੀ ਮੋੜ ਕੱਟਣ ਉਤੇ ਵੀ ਸਵਾਲ ਉੱਠ ਰਹੇ ਹਨ। ਪੁਲੀਸ ਵੱਲੋਂ ਦੋਵੇਂ ਨੌਜਵਾਨਾਂ ਖ਼ਿਲਾਫ਼ ਧਾਰਾ 341 ਜੋੜੀ ਗਈ ਹੈ। ਪੁਲੀਸ ਮੁਤਾਬਕ ਪੀੜਤ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਤੌਰ ’ਤੇ ਅਗਵਾ ਕਰਨ ਦੀ ਗੱਲ ਨਹੀਂ ਕਹੀ, ਜਿਸ ਕਾਰਨ ਫਿਲਹਾਲ ਧਾਰਾ 365 ਤੇ 511 ਨਹੀਂ ਲਾਈ ਗਈ। ਇਸ ਲਈ ਕਾਨੂੰਨੀ ਰਾਇ ਲਈ ਜਾ ਰਹੀ ਹੈ।