ਮਾਸਕੋ, 24 ਅਪਰੈਲ

ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਨੇ ਕਿਹਾ ਕਿ ਜੇਕਰ ਜੀ-7 ਮੁਲਕਾਂ ਨੇ ਰੂਸ ਲਈ ਬਰਾਮਦ ’ਤੇ ਪਾਬੰਦੀ ਲਾਈ ਤਾਂ ਉਨ੍ਹਾਂ ਦਾ ਮੁਲਕ ਕਾਲਾ ਸਾਗਰ ਅਨਾਜ ਸਮਝੌਤੇ ਨੂੰ ਰੱਦ ਕਰਕੇ ਇਸ ਦਾ ਠੋਕਵਾਂ ਜਵਾਬ ਦੇਵੇਗਾ। ਜਪਾਨ ਦੀ ਕਯੋਡੋ ਖ਼ਬਰ ਏਜੰਸੀ ਨੇ ਪਿਛਲੇ ਹਫ਼ਤੇ ਜਪਾਨੀ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਜੀ-7 ਮੁਲਕ ਰੂਸ ਨੂੰ ਬਰਾਮਦ ’ਤੇ ਮੁਕੰਮਲ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੇ ਹਨ। ਰੂਸ ਅਨਾਜ ਸਮਝੌਤੇ ’ਚ ਆਪਣੀ ਸ਼ਮੂਲੀਅਤ ਨੂੰ ਰੱਦ ਕਰਨ ਦੀ ਵਾਰ ਵਾਰ ਧਮਕੀ ਦੇ ਰਿਹਾ ਹੈ ਜਿਸ ਦੀ ਮਿਆਦ 18 ਮਈ ਨੂੰ ਖ਼ਤਮ ਹੋਣ ਵਾਲੀ ਹੈ। ਟੈਲੀਗ੍ਰਾਮ ਚੈਨਲ ’ਤੇ ਮੈਦਵੇਦੇਵ ਵੱਲੋਂ ਪਾਈ ਗਈ ਪੋਸਟ ’ਚ ਕਿਹਾ ਗਿਆ ਹੈ ਕਿ ਜੇਕਰ ਜੀ-7 ਮੁਲਕ ਬਰਾਮਦ ’ਤੇ ਪਾਬੰਦੀ ਲਾਉਣਗੇ ਤਾਂ ਅਨਾਜ ਸਮਝੌਤੇ ਸਮੇਤ ਹੋਰ   ਲੋੜੀਂਦੀਆਂ ਵਸਤਾਂ, ਜੋ ਇਨ੍ਹਾਂ ਮੁਲਕਾਂ ਨੂੰ ਚਾਹੀਦੀਆਂ ਹਨ, ਉਨ੍ਹਾਂ ਲਈ ਖ਼ਤਮ ਹੋ ਜਾਣਗੀਆਂ। ਰੂਸ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਪੱਛਮੀ ਮੁਲਕਾਂ ਵੱਲੋਂ ਰੂਸੀ ਖੇਤੀਬਾੜੀ ਅਤੇ ਖਾਦ ਬਰਾਮਦਗੀ ’ਤੇ ਲਾਈਆਂ ਗਈਆਂ ਰੋਕਾਂ ਨਾ ਹਟਾਈਆਂ ਗਈਆਂ ਤਾਂ ਉਹ 18 ਮਈ ਤੋਂ ਪਹਿਲਾਂ ਹੀ ਸਮਝੌਤੇ ਤੋਂ ਪਿੱਛੇ ਹਟ ਜਾਣਗੇ।