ਨਵੀਂ ਦਿੱਲੀ, 6 ਸਤੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਮਾਨਤਾ ਦੀ ਧਾਰਨਾ ਪ੍ਰਾਚੀਨ ਭਾਰਤੀ ਗਿਆਨ ਪ੍ਰਣਾਲੀ ਅਤੇ ਧਰਮ ਗ੍ਰੰਥਾਂ ਦਾ ਹਿੱਸਾ ਹੈ ਤੇ ਔਰਤਾਂ ਦੇ ਅਧਿਕਾਰ ਮਰਦਾਂ ਨਾਲੋਂ ਘੱਟ ਨਹੀਂ ਹਨ। ਅਧਿਆਪਕ ਦਿਵਸ ਮੌਕੇ ਡੀਯੂ ਦੇ ਹੰਸਰਾਜ ਕਾਲਜ ਵਿੱਚ ‘ਦਯਾਨੰਦ ਸਮ੍ਰਿਤੀ ਸੰਵਾਦ’ ਮੁੱਖ ਭਾਸ਼ਣ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਵੇਦ ਗਣਿਤ, ਖਗੋਲ, ਮੈਡੀਕਲ ਵਿਗਿਆਨ ਦੇ ਨਾਲ-ਨਾਲ ਲੋਕਤੰਤਰ ਤੇ ਸਮਾਨਤਾ ਦੇ ਆਧੁਨਿਕ ਸੰਕਲਪਾਂ ’ਤੇ ਅਮੀਰ ਗਿਆਨ ਦਾ ਭੰਡਾਰ ਹਨ। ਮੰਤਰੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦਾ ਆਧਾਰ ਵੇਦਾਂ ਦੇ ਸੰਕਲਪਾਂ ’ਤੇ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਜਾਤੀ ਪ੍ਰਣਾਲੀ ਦੀ ਮੌਜੂਦਗੀ ਦਾ ਦੋਸ਼ ਲਗਾਉਂਦੇ ਹਨ, ਉਹ ਗਲਤ ਹਨ। ਅਜਿਹੇ ਲੋਕ ਵੇਦਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਵੇਦ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਨੂੰ ਦਰਸਾਉਂਦੇ ਹਨ ਜਿਸ ਵਿੱਚ ਵਰਣਾਂ ਦਾ ਜ਼ਿਕਰ ਜਾਤ ਦੇ ਆਧਾਰ ’ਤੇ ਨਹੀਂ, ਸਗੋਂ ਕਰਮ ਦੇ ਆਧਾਰ ’ਤੇ ਕੀਤਾ ਗਿਆ ਹੈ। ਰਾਜਨਾਥ ਨੇ ਦਾਅਵਾ ਕੀਤਾ ਕਿ ਸਮਾਨਤਾ ਦੀ ਧਾਰਨਾ ਪ੍ਰਾਚੀਨ ਭਾਰਤੀ ਗਿਆਨ ਪ੍ਰਣਾਲੀ ਤੇ ਧਰਮ ਗ੍ਰੰਥਾਂ ਦਾ ਹਿੱਸਾ ਸੀ ਤੇ ਔਰਤਾਂ ਦੇ ਅਧਿਕਾਰ ਮਰਦਾਂ ਨਾਲੋਂ ਘੱਟ ਨਹੀਂ ਸਨ। ਵੈਦਿਕ ਕਾਲ ਵਿੱਚ ਅਜਿਹੀਆਂ ਔਰਤਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਵੇਂ ਗਾਰਗੀ, ਲੋਪਾਮੁਦਰਾ ਤੇ ਅਪਾਲਾ, ਜਿਨ੍ਹਾਂ ਨੇ ਹੋਰ ਸਾਧੂਆਂ ਅਤੇ ਪੀਰਾਂ ਵਾਂਗ ਕਵਿਤਾਵਾਂ ਦੀ ਰਚਨਾ ਕੀਤੀ।