ਬਰਨਾਲਾ, 16 ਅਕਤੂਬਰ
ਸੂਬੇ ਦੀਆਂ 29 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੇਂਦਰੀ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਸਟੇਸ਼ਨ ਬਰਨਾਲਾ ‘ਤੇ ਲੱਗੇ ਮੋਰਚੇ ‘ਚ ਅੱਜ 16ਵੇਂ ਦਿਨ ਕਿਸਾਨ ਔਰਤਾਂ ਤੇ ਬੱਚਿਆ ਵੀ ਭਰਵੀਂ ਸ਼ਿਰਕਤ ਕਰਕੇ ਕੇਂਦਰੀ ਮੋਦੀ ਹਕੂਮਤ ਨੂੰ ਲਲਕਾਰਿਆ।
ਬੁਲਾਰਿਆਂ ‘ਚ ਬੀਕੇਯੂ (ਡਕੌਂਦਾ) ਦੇ ਦਰਸ਼ਨ ਸਿੰਘ ਉਗੋਕੇ, ਬਲਵੰਤ ਸਿੰਘ ਉਪਲੀ ਤੇ ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ ਤੇ ਸ਼ਿੰਗਾਰਾ ਸਿੰਘ, ਸਿੱਧੂਪੁਰ ਦੇ ਕਰਨੈਲ ਸਿੰਘ ਤੇ ਨਛੱਤਰ ਸਹੌਰ, ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ ਤੇ ਜਗਤਾਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ ਤੇ ਗੋਪੀ ਰਾਏਸਰ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰੰਜਣ ਸਿੰਘ, ਸਾਂਬਰ ਗਰੁੱਪ ਦੇ ਉਜਾਗਰ ਸਿੰਘ ਬੀਹਲਾ ਤੇ ਜੈ ਕਿਸਾਨ ਅੰਦੋਲਨ ਦੇ ਗੁਰਬਖ਼ਸ ਸਿੰਘ ਕੱਟੂ ਨੇ ਕਿਹਾ ਕਿ ਸੰਘਰਸ਼ ਭਾਵੇਂ ਲੰਮਾ ਚੱਲੇ, ਮੰਗ ਪ੍ਰਾਪਤੀ ਤੋਂ ਬਿਨਾਂ ਪਿੱਛੇ ਨਹੀਂ ਹਟਿਆ ਜਾਵੇਗਾ। ਭਾਜਪਾ ਦੀਆਂ ਵਰਚੂਅਲ ਮੀਟਿੰਗਾਂ ਰਾਹੀਂ ਗੁੰਮਰਾਹ ਕਰਨ ਆਉਂਦੇ ਭਾਜਪਾਈ ਲੀਡਰਾਂ ਨੂੰ ਭਜਾਉਣ ਦਾ ਹੋਕਾ ਵੀ ਦਿੱਤਾ। ਅੱਜ ਦੇ ਮੋਰਚੇ ‘ਚ ਬੱਚਿਆਂ ਤੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਤੋਂ ਇਲਾਵਾ ਸੀਪੀਆਈ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਵੀ ਸ਼ਿਰਕਤ ਕਰਕੇ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਅਮਰਜੀਤ ਕੌਰ, ਮਨਜੀਤ ਕੌਰ, ਮੁਖਤਿਆਰ ਸਹਿਜੜਾ ਤੇ ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਦੀ ਸੰਚਾਲਨਾ ਕੁਲਵਿੰਦਰ ਉੱਪਲੀ ਤੇ ਨਰਿੰਦਰ ਕੁਮਾਰ ਸਿੰਗਲਾ ਨੇ ਕੀਤੀ।