ਬਰਨਾਬੀ— ਕੈਨੇਡਾ ਦੀ ਗ੍ਰੀਨ ਪਾਰਟੀ ਨੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਕੌਮੀ ਸਿਆਸਤ ‘ਚ ਲਿਆਉਣ ਵੱਲ ਕਦਮ ਚੁੱਕਦਿਆਂ ਬਰਨਾਬੀ ਸਾਊਥ ਦੀ ਜਿਮਨੀ ਚੋਣ ‘ਚ ਉਨ੍ਹਾਂ ਖਿਲਾਫ ਆਪਣਾ ਉਮੀਦਵਾਰ ਖੜ੍ਹਾ ਨਾ ਕਰਨ ਦੀ ਫੈਸਲਾ ਲਿਆ ਹੈ। ਗ੍ਰੀਨ ਪਾਰਟੀ ਨੇ ਬਰਨਾਬੀ ਸਾਊਥ ਦੀ ਜਿਮਨੀ ਚੋਣ ਲਈ ਜਗਮੀਤ ਸਿੰਘ ਨੂੰ ਆਪਣਾ ‘ਮੂੰਹ ਮੁਲਾਹਜੇ ਵਾਲਾ ਨੇਤਾ’ ਭਾਵ ਲੀਡਰਸ ਕੋਰਟੇਸੀ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਗ੍ਰੀਨ ਪਾਰਟੀ ਦੀ ਮਹਿਲਾ ਨੇਤਾ ਐਲੀਜ਼ਾਬੈੱਥ ਮੇਅ ਨੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੀਨ ਪਾਰਟੀ ਆਫ ਕੈਨੇਡਾ ਦੀ ਮਹਿਲਾ ਨੇਤਾ ਐਲੀਜ਼ਾਬੈੱਥ ਮੇਅ (ਸਾਨਿਚ-ਗਲਫ ਆਈਸਲੈਂਡ ਤੋਂ ਐੱਮ.ਪੀ.) ਨੇ ਦੱਸਿਆ ਕਿ ਫੈਡਰਲ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਗ੍ਰੀਨ ਪਾਰਟੀ ਦੀ ਪੇਸ਼ਕਸ਼ ਸਵਿਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਬਰਨਾਬੀ ਸਾਊਥ ਦੀ ਜਿਮਨੀ ਚੋਣ ‘ਚ ਜਗਮੀਤ ਖਿਲਾਫ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਨਗੇ। ਐਲੀਜ਼ਾਬੈੱਥ ਨੇ ਕਿਹਾ ਕਿ ਲੀਡਰਸ ਕੋਰਟੇਸੀ ਬਣਾਉਣ ਦੀ ਕੈਨੇਡੀਅਨ ਸੰਸਦ ਦੀ ਲੰਬੇ ਸਮੇਂ ਤੋਂ ਰਵਾਇਤ ਚੱਲੀ ਆ ਰਹੀ ਹੈ। ਇਸ ਰਾਹੀਂ ਕਿਸੇ ਵੀ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਨੂੰ ਬਿਨਾਂ ਮੁਕਾਬਲਾ ਜਿਮਨੀ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਜੋ ਉਹ ਵਿਧਾਨ ਸਭਾ ‘ਚ ਦਾਖਲ ਹੋ ਸਕੇ। ਗ੍ਰੀਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਵਲੋਂ ਚੁੱਕੇ ਗਏ ਕਦਮ ਨਾਲ ਸੰਸਦ ‘ਚ ਸੇਵਾਵਾਂ ਦੇਣ ਲਈ ਇਕ ਵਧੀਆ ਨੇਤਾ ਅੱਗੇ ਆਵੇਗਾ।