ਨਵੀਂ ਦਿੱਲੀ, 9 ਸਤੰਬਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਿਲਕੁਲ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖ਼ਾਸ ਤੌਰ ’ਤੇ ਖਾਲਿਸਤਾਨ ਪੱਖੀ ਕੱਟੜਵਾਦੀਆਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਨਵੀਂ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਹੋਣ ਵਾਲੇ ਜੀ20 ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਇੱਥੇ ਪਹੁੰਚੇ ਹਨ। ਇਸ ਮੌਕੇ ਸੂਨਕ ਦੇ ਨਾਲ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਵੀ ਸਨ।

ਏਐੱਨਆਈ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਵਿੱਚ ਸੂਨਕ ਨੇ ਆਪਣੀਆਂ ਭਾਰਤੀ ਜੜ੍ਹਾਂ ’ਤੇ ਮਾਣ ਮਹਿਸੂਸ ਕਰਦਿਆਂ ਦੋਹਾਂ ਦੇਸ਼ਾਂ ਵਿਚਾਲੇ ਐੱਫਟੀਏ ਬਾਰੇ ਚੱਲ ਰਹੀ ਗੱਲਬਾਤ ਦਾ ਜ਼ਿਕਰ ਵੀ ਕੀਤਾ। ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਬਾਰੇ ਭਾਰਤ ਦੀਆਂ ਚਿੰਤਾਵਾਂ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਕੋਲ ਖੁਫ਼ੀਆ ਜਾਣਕਾਰੀਆਂ ਸਾਂਝੀਆਂ ਕਰਨ ਲਈ ਕਾਰਜ ਸਮੂਹ ਹਨ ਤਾਂ ਜੋ ਇਸ ਤਰ੍ਹਾਂ ਦੇ ਹਿੰਸਕ ਕੱਟੜਵਾਦ ਨੂੰ ਜੜ੍ਹੋਂ ਪੁੱਟਿਆ ਜਾ ਸਕੇ।

ਸੂਨਕ ਨੇ ਕਿਹਾ, ‘‘ਇਹ ਅਸਲ ਵਿੱਚ ਬਹੁਤ ਹੀ ਅਹਿਮ ਸਵਾਲ ਹੈ ਅਤੇ ਮੈਂ ਇਸ ਦਾ ਸਪੱਸ਼ਟ ਤੌਰ ’ਤੇ ਜਵਾਬ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਜਾਂ ਹਿੰਸਾ ਬਰਤਾਨੀਆ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਵਾਸਤੇ ਅਸੀਂ ਖਾਲਿਸਤਾਨ ਪੱਖੀਆਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਹਾਲ ਹੀ ਵਿੱਚ ਸਾਡੇ ਸੁਰੱਖਿਆ ਮੰਤਰੀ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰਨ ਲਈ ਭਾਰਤ ਆਏ ਸਨ। ਕੱਟੜਵਾਦ ਠੀਕ ਨਹੀਂ ਹੈ ਅਤੇ ਮੈਂ ਬਰਤਾਨੀਆ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ।’’ਕੌਮੀ ਜਾਂਚ ਏਜੰਸੀ ਵੱਲੋਂ ਇਸੇ ਸਾਲ ਮਾਰਚ ਵਿੱਚ ਲੰਡਨ ’ਚ ਸਥਿਤ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨ ਪੱਖੀਆਂ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤਿਵਾਦ ਵਿਰੋਧੀ ਏਜੰਸੀ ਨੇ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਐੱਫਆਈਆਰ ਦਰਜ ਕਰ ਕੇ ਉਸ ਘਟਨਾ ਦੀ ਜਾਂਚ ਆਰੰਭ ਦਿੱਤੀ ਸੀ ਜਿਸ ਵਿੱਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਲੱਗੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਸੀ। ਭਾਰਤ ਨੇ ਇਸ ਘਟਨਾ ਸਬੰਧੀ ਬਰਤਾਨੀਆ ਕੋਲ ਸਖ਼ਤ ਵਿਰੋਧ ਦਰਜ ਕੀਤਾ ਸੀ।