ਲੰਡਨ, 16 ਜੁਲਾਈ
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਹੁਣ ਇਸ ਮੁਕਾਬਲੇ ਵਿੱਚ ਪੰਜ ਉਮੀਦਵਾਰ ਰਹਿ ਗਏ ਹਨ। ਉਧਰ, ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਉਨ੍ਹਾਂ ਦੇ ਖ਼ੇਮੇ ਨੇ ਲੁਕਵੇਂ ਰੂਪ ਵਿੱਚ ਸੂਨਕ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ।
ਪਹਿਲੇ ਦੋ ਗੇੜਾਂ ਵਿੱਚ ਜੇਤੂ ਬਣ ਕੇ ਉਭਰੇ ਸੂਨਕ ਦਾ ਅਗਲੇ ਦਿਨਾਂ ਦੌਰਾਨ ਵਪਾਰ ਮੰਤਰੀ ਪੈਨੀ ਮੌਰਡੌਂਟ, ਵਿਦੇਸ਼ ਮੰਤਰੀ ਲਿਜ਼ ਟਰੱਸ, ਸਾਬਕਾ ਮੰਤਰੀ ਕੈਮੀ ਬਡਨੋਚ ਅਤੇ ਟੋਰੀ ਪਾਰਟੀ ਦੇ ਆਗੂ ਟੌਮ ਟਗੈਂਡਹਾਟ ਨਾਲ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬਰੈਵਰਮੈਨ, ਜੋ ਦੂਜੇ ਗੇੜ ਵਿੱਚ ਹੀ ਇਸ ਦੌੜ ਵਿੱਚੋਂ ਬਾਹਰ ਹੋ ਗਈ ਸੀ, ਨੇ ਟਰੱਸ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ, ‘‘ਲਿਜ਼ ਬਰੈਗਜ਼ਿਟ ਦੇ ਮੌਕਿਆਂ ਦਾ ਲਾਹਾ ਲੈਣ ਲਈ ਬਿਹਤਰ ਇਨਸਾਨ ਹੈ ਅਤੇ ਟੈਕਸ ਕਟੌਤੀ ਦੇ ਫ਼ੈਸਲਿਆਂ ਨੂੰ ਅਮਲੀ ਰੂਪ ਦੇ ਸਕਦੀ ਹੈ।’’ ਇਸ ਦੌੜ ਵਿੱਚ ਨੰਬਰ ਦੋ ਦੀ ਪੁਜ਼ੀਸ਼ਨ ਲਈ ਹੁਣ ਟਰੱਸ ਤੇ ਮੌਰਡੌਂਟ ਦਾ ਮੁਕਾਬਲਾ ਸੂਨਕ ਨਾਲ ਹੈ।
‘ਦਿ ਟਾਈਮਜ਼’ ਦੀ ਰਿਪੋਰਟ ਮੁਤਾਬਕ, ਕਾਰਜਕਾਰੀ ਪ੍ਰਧਾਨ ਮੰਤਰੀ ਜੌਹਨਸਨ ਅਤੇ ਉਨ੍ਹਾਂ ਦੇ ਖ਼ੇਮੇ ਨੇ ਲੁਕਵੇਂ ਰੂਪ ਵਿੱਚ ਰਿਸ਼ੀ ਸੂਨਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਹ ਕਿਸੇ ਵੀ ਕੀਮਤ ਉੱਤੇ ਸੂਨਕ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਉਨ੍ਹਾਂ ਦੀ ਥਾਂ ਕਿਸੇ ਵੀ ਹੋਰ ਉਮੀਦਵਾਰ ਨੂੰ ਅੱਗੇ ਲਿਆਉਣ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਜੌਹਨਸਨ ਦੇ ਜਾਨਸ਼ੀਨ ਦਾ ਫ਼ੈਸਲਾ ਸਤੰਬਰ ਮਹੀਨੇ ਵਿੱਚ ਹੋਵੇਗਾ। ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਦੌਰਾਨ ਪਾਰਟੀ ਮੁਖੀ ਦਾ ਐਲਾਨ ਕੀਤਾ ਜਾਵੇਗਾ।