ਜੈਤੋ, ਬਰਗਾੜੀ ਵਿੱਚ ਚੱਲ ਰਿਹਾ ‘ਇਨਸਾਫ਼ ਮੋਰਚਾ’ ਸੁਖਾਵੇਂ ਮੋੜ ’ਤੇ ਪੁੱਜ ਗਿਆ ਜਾਪਦਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਬਰਗਾੜੀ ਪੁੱਜ ਕੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਂਦੇ ਦਿਨਾਂ ਵਿੱਚ ਮੋਰਚੇ ਵਾਲੀ ਥਾਂ ਪੁੱਜ ਕੇ ਮੰਗਾਂ ਬਾਰੇ ਕੋਈ ਵੱਡਾ ਐਲਾਨ ਕਰ ਸਕਦੇ ਹਨ।

ਸ੍ਰੀ ਬਾਜਵਾ, ਮੋਰਚਾ ਸਥਾਨ ’ਤੇ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਸਾਥੀਆਂ ਨੂੰ ਮਿਲੇ। ਇੱਥੇ ਉਹ ਤਕਰੀਬਨ ਅੱਠ ਕੁ ਮਿੰਟ ਬੈਠੇ। ਫਿਰ ਉਨ੍ਹਾਂ ਮੋਰਚੇ ਦੇ ਆਗੂਆਂ ਨਾਲ ਇਕ ਪੁਲੀਸ ਅਧਿਕਾਰੀ ਦੇ ਘਰ ਬੈਠ ਕੇ ਬੰਦ ਕਮਰਾ ਮੀਟਿੰਗ ਕੀਤੀ। ਗੱਲਬਾਤ ਸਮੇਂ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ ਕੇ ਤੇ ਬਾਬਾ ਫ਼ੌਜਾ ਸਿੰਘ ਕੋਟ ਦੁੱਲਾ ਸ਼ਾਮਲ ਸਨ। ਇਸ ਤੋਂ ਇਲਾਵਾ ਜਥੇਦਾਰ ਮੰਡ ਨੇ ਗੱਡੀ ਵਿੱਚ ਬੈਠ ਕੇ ਕਰੀਬ ਦਸ ਮਿੰਟ ਸ੍ਰੀ ਬਾਜਵਾ ਨਾਲ ਗੱਲਬਾਤ ਕੀਤੀ। ਮੀਟਿੰਗ ਪਿੱਛੋਂ ਮੀਡੀਆ ਨਾਲ ਸੰਖੇਪ ਮਿਲਣੀ ਵਿੱਚ ਸ੍ਰੀ ਬਾਜਵਾ ਨੇ ਅੱਜ ਦੀ ਮੁਲਾਕਾਤ ਨੂੰ ਸਾਰਥਕ ਦੱਸਿਆ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਹੋਈ ਚਰਚਾ ਦੀ ਜਾਣਕਾਰੀ ਉਹ ਮੁੱਖ ਮੰਤਰੀ ਕੋਲ ਪਹੁੰਚਾਉਣਗੇ ਅਤੇ ਕੋਈ ਵੀ ਅੰਤਿਮ ਫ਼ੈਸਲਾ ਮੁੱਖ ਮੰਤਰੀ ਹੀ ਕਰਨਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮੰਗਾਂ ਬਾਬਤ ਮੁੱਖ ਮੰਤਰੀ ਬਰਗਾੜੀ ਆ ਕੇ ਖ਼ੁਦ ਕੋਈ ਐਲਾਨ ਕਰਨਗੇ।
ਪਤਾ ਲੱਗਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿੱਚ ਸਰਕਾਰ ਨੂੰ ਆ ਰਹੀ ਤਕਨੀਕੀ ਰੁਕਾਵਟ ਦੇਰੀ ਦਾ ਸਬੱਬ ਬਣ ਰਹੀ ਹੈ। ਸ੍ਰੀ ਬਾਜਵਾ ਦੇ ਚਲੇ ਜਾਣ ਪਿੱਛੋਂ 38 ਦਿਨਾਂ ਤੋਂ ਮੋਰਚੇ ’ਤੇ ਡਟੇ ਜਥੇਦਾਰ ਮੰਡ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਰਕਾਰ ’ਤੇ ਭਰੋਸਾ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਗੱਲਬਾਤ ਦੇ ਨਤੀਜੇ ਹਾਂ-ਪੱਖੀ ਨਿੱਕਲਣਗੇ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਫ਼ੌਜਾ ਸਿੰਘ ਸੁਭਾਣਾ, ਅਜੀਤ ਸਿੰਘ ਕਰਤਾਰਪੁਰ, ਸਤਨਾਮ ਸਿੰਘ ਮਨਾਵਾਂ ਤੇ ਮਹਿੰਦਰ ਸਿੰਘ ਸੰਘੇੜਾ ਹਾਜ਼ਰ ਸਨ।