ਓਟਵਾ, 25 ਨਵੰਬਰ  : ਬੁੱਧਵਾਰ ਰਾਤ ਨੂੰ ਹਾਊਸ ਆਫ ਕਾਮਨਜ਼ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੜ੍ਹਾਂ ਕਾਰਨ ਖਰਾਬ ਹੋਏ ਹਾਲਾਤ ਲਈ ਐਮਰਜੰਸੀ ਮੀਟਿੰਗ ਕੀਤੀ ਗਈ। ਬਹੁਤਾ ਜ਼ੋਰ ਇਸ ਗੱਲ ਉੱਤੇ ਦਿੱਤਾ ਗਿਆ ਕਿ ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਦੇਸ਼ ਕਿਸ ਤਰ੍ਹਾਂ ਅਵੇਸਲਾ ਹੈ ਤੇ ਇਨ੍ਹਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰੀ ਫਿਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਫੈਡਰਲ ਸਰਕਾਰ, ਜਿਸ ਵੱਲੋਂ ਪਹਿਲਾਂ ਹੀ ਕੈਨੇਡੀਅਨ ਆਰਮਡ ਫੋਰਸਿਜ਼ ਦੇ 500 ਮੈਂਬਰਾਂ ਨੂੰ ਮਦਦ ਲਈ ਉੱਥੇ ਤਾਇਨਾਤ ਕੀਤਾ ਗਿਆ ਹੈ, ਹਮੇਸ਼ਾਂ ਉਨ੍ਹਾਂ ਦੀ ਮਦਦ ਲਈ ਤਿਆਰ ਰਹੇਗੀ ਤੇ ਹੜ੍ਹਾਂ ਦੇ ਨਾਲ ਨਾਲ ਘਾਤਕ ਢੰਗ ਨਾਲ ਜ਼ਮੀਨ ਖਿਸਕਣ ਦੇ ਮਾਮਲਿਆਂ ਤੋਂ ਬੀਸੀ ਵਾਸੀਆਂ ਨੂੰ ਬਚਾਵੇਗੀ।
ਪਰ ਇਸ ਦੇ ਨਾਲ ਹੀ ਟਰੂਡੋ ਨੇ ਕਲਾਈਮੇਟ ਚੇਂਜ ਨਾਲ ਜਲਦ ਤੋਂ ਜਲਦ ਨਜਿੱਠਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਕੋਈ ਇੱਕਲਾ ਕਾਰਾ ਮਾਮਲਾ ਨਹੀਂ ਹੈ। ਉਨ੍ਹਾਂ ਆਖਿਆ ਕਿ ਬੀਸੀ ਵਿੱਚ ਇਸ ਤੋਂ ਪਹਿਲਾਂ ਤਬਾਹਕੁੰਨ ਜੰਗਲ ਦੀ ਅੱਗ ਲੱਗ ਚੁੱਕੀ ਹੈ ਤੇ ਜਿਸ ਕਾਰਨ ਗਰਮੀਆਂ ਵਿੱਚ ਤਾਪਮਾਨ ਹੱਦੋਂ ਵੱਧ ਗਰਮਾ ਗਿਆ ਸੀ।ਇਸ ਤੋਂ ਇਲਾਵਾ ਟਰੂਡੋ ਨੇ ਆਖਿਆ ਕਿ ਨੋਵਾ ਸਕੋਸ਼ੀਆ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ।
ਟਰੂਡੋ ਨੇ ਆਖਿਆ ਕਿ ਪਿਛਲੇ ਸਾਲ ਨੇ ਸਾਨੂੰ ਜੋ ਜਲਵਾ ਦਿਖਾਇਆ ਹੈ ਉਹ ਕਲਾਈਮੇਟ ਚੇਂਜ ਦਾ ਅਸਰ ਹੈ। ਇਹ ਸੱਭ ਕਿਆਸ ਨਾਲੋਂ ਜਲਦ ਹੋ ਰਿਹਾ ਹੈ ਤੇ ਇਹ ਤਬਾਹਕੁੰਨ ਹੈ। ਉਨ੍ਹਾਂ ਆਖਿਆ ਕਿ ਕਲਾਈਮੇਟ ਚੇਂਜ ਦੇ ਪ੍ਰਭਾਵ ਤੋਂ ਬਚਣ ਲਈ ਸਰਕਾਰ ਆਪਣੀ ਪੂਰੀ ਤਾਕਤ ਲਾਵੇਗੀ।