ਨਵੀਂ ਦਿੱਲੀ: ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਪਣੇ ਸਿਆਸੀ ਸਲਾਹਕਾਰ ਦੇ ਟਿਕਾਣਿਆਂ ’ਤੇ ਈਡੀ ਅਤੇ ਆਈਟੀ ਦੇ ਛਾਪਿਆਂ ਨੂੰ ਖਤਰਨਾਕ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਛਾਪੇ ਸੂਬਾ ਸਰਕਾਰ ’ਤੇ ਦਬਾਅ ਪਾਉਣ ਅਤੇ ਬਦਨਾਮ ਕਰਨ ਲਈ ਮਰਵਾਏ ਗਏ ਹਨ। ਆਪਣੇ ਸਿਆਸੀ ਸਲਾਹਕਾਰ ਵਿਨੋਦ ਵਰਮਾ ਦੇ ਘਰ ’ਤੇ ਮਾਰੇ ਗਏ ਛਾਪੇ ਦੇ ਇੱਕ ਦਿਨ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬਘੇਲ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਨੂੰ ਪ੍ਰਭਾਵਿਤ ਕਰਨ ਲਈ ਆਉਂਦੇ ਦਿਨੀਂ ਉਨ੍ਹਾਂ ਦੇ ਹੋਰ ਕਰੀਬੀਆਂ ’ਤੇ ਵੀ ਛਾਪੇ ਮਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਾਜਪਾ ਨੂੰ ਢੁੱਕਵਾਂ ਜਵਾਬ ਦੇਣਗੇ ਤੇ ਛੱਤੀਸਗੜ੍ਹ ’ਚੋਂ ਭਾਜਪਾ ਦਾ ਸਫ਼ਾਇਆ ਕਰ ਦੇਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੀਆਂ ਇਹ ਕਾਰਵਾਈਆਂ ਸਾਲ 2020 ’ਚ ਝਾਰਖੰਡ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਭਾਜਪਾ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ ਹਨ।