ਬਠਿੰਡਾ, 15 ਅਕਤੂਬਰ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਇਥੇ ਹੋਟਲ ਵਿੱਚ ਕੀਤੀ ਜਾ ਰਹੀ ਵੀਡੀਓ ਪ੍ਰੈੱਸ ਕਾਨਫਰੰਸ ਦਾ ‘ਆਪ’ ਦੇ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਵਿਰੋਧ ਕਰਨ ਵਾਲਿਆਂ ਦੀ ਅਗਵਾਈ ਕਰ ਰਹੇ ‘ਆਪ’ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਦਗ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਬਾਰੇ ਸਫਾਈ ਦੇਣ ਲਈ ਭਾਜਪਾ ਦੇ ਸਥਾਨਕ ਆਗੂਆਂ ਵੱਲੋਂ ਇਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਵਾਕਿਆ ਹੀ ਇਹ ਕਾਨੂੰਨ ਦਰੁਸਤ ਹਨ ਤਾਂ ਕੇਂਦਰ ਦੇ ਮੰਤਰੀਆਂ ਨੂੰ ਖੁਦ ਕਿਸਾਨਾਂ ਦਾ ਸਾਹਮਣਾ ਕਰਨ ਵਿੱਚ ਕੀ ਤਕਲੀਫ਼ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨਾਲ ਨਾਅਰੇਬਾਜ਼ੀ ਵੀ ਕੀਤੀ।

ਜ਼ਿਕਰਯੋਗ ਹੈ ਕਿ ਇਸ ਕਾਨਫਰੰਸ ਵਿੱਚ ਜਿੰਨੀ ਗਿਣਤੀ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਸੀ ਉਸ ਤੋਂ ਚਾਰ ਗੁਣਾਂ ਗਿਣਤੀ ਵਿੱਚ ਹੋਟਲ ਦੇ ਅੱਗੇ ਪੁਲੀਸ ਕਰਮਚਾਰੀ ਤਾਇਨਾਤ ਸਨ।