ਬਠਿੰਡਾ, 3 ਨਵੰਬਰ
ਪੰਜਾਬ ਦੇ ਬਠਿੰਡਾ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਇਕ ਠੇਕਾ ਮਜ਼ਦੂਰ ਦੀ ਮੌਤ ਅਤੇ ਇਕ ਹੋਰ ਮਜ਼ਦੂਰ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਭੜਕੇ ਮਜ਼ਦੂਰਾਂ ਨੇ ਬੁੱਧਵਾਰ ਨੂੰ ਕਥਿਤ ਤੌਰ ’ਤੇ ਅੱਧੀ ਦਰਜਨ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਘਟਨਾ ਕਾਰਨ ਇਲਾਕੇ ਵਿੱਚ ਤਣਾਅ ਫੈਲ ਗਿਆ। ਮ੍ਰਿਤਕ ਮਜ਼ਦੂਰ ਦੀ ਪਛਾਣ ਅਭਿਸ਼ੇਕ(22) ਵਜੋਂ ਹੋਈ ਹੈ ਜੋ ਸਿਰਸਾ , ਹਰਿਆਣਾ ਦਾ ਵਸਨੀਕ ਸੀ। ਪੁਲੀਸ ਅਨੁਸਾਰ ਨੁਕਸਾਨੇ ਗਏ ਵਾਹਨਾਂ ਵਿੱਚੋਂ ਤਿੰਨ ਪੁਲੀਸ ਵਾਹਨ ਜਦੋਂ ਕਿ ਤਿੰਨ ਰਿਫਾਇਨਰੀ ਨਾਲ ਸਬੰਧਤ ਹਨ। ਘਟਨਾ ਦਾ ਪਤਾ ਚੱਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲੀਸ ਨੇ ਦੱਸਿਆ ਕਿ ਕੰਮ ਦੌਰਾਨ ਦੋ ਮਜ਼ਦੂਰ ਉੱਚੇ ਟਾਵਰ ਤੋਂ ਹੇਠਾਂ ਡਿੱਗ ਗਏ , ਜਿਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਰਿਫਾਇਨਰੀ ਦੇ ਗੇਟ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਭਾਰੀ ਗਿਣਤੀ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ।