ਬਠਿੰਡਾ, 24 ਮਈ
ਬਠਿੰਡਾ ਸੰਸਦੀ ਹਲਕੇ ਤੋਂ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਸਖਤ ਮੁਕਾਬਲੇ ’ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਕਰਾਰੀ ਹਾਰ ਦਿੱਤੀ ਹੈ। ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾ ਕੇ ਹੈਟ੍ਰਿਕ ਮਾਰਨ ’ਚ ਕਾਮਯਾਬ ਹੋ ਗਈ ਹੈ। ਗਿੱਦੜਬਹੇ ਤੋਂ ਆਏ ਰਾਜਾ ਵੜਿੰਗ ਨੂੰ ਕੋਈ ਵੀ ‘ਸਿਆਸੀ ਡਰਾਮਾ’ ਰਾਸ ਨਾ ਆਇਆ। ਰਾਜਾ ਵੜਿੰਗ ਨੇ ਆਪਣੇ ਆਪ ਨੂੰ ਗਰੀਬੜੇ ਵਜੋਂ ਪੇਸ਼ ਕੀਤਾ ਅਤੇ ਗਰੀਬ ਲੋਕਾਂ ਦੇ ਘਰਾਂ ਵਿਚ ਰਾਤਾਂ ਵੀ ਕੱਟੀਆਂ। ਬਠਿੰਡਾ ਸੀਟ ਤੀਸਰੀ ਵਾਰ ਜਿੱਤ ਕੇ ਬਾਦਲ ਪਰਿਵਾਰ ਨੇ ਆਪਣੀ ਬਾਦਸ਼ਾਹੀ ਕਾਇਮ ਕਰ ਲਈ ਹੈ। ਬਠਿੰਡਾ ਤੋਂ ਜ਼ਮਾਨਤ ‘ਆਪ’ ਨੇ ਤਾਂ ਬਚਾ ਲਈ ਪਰ ਸੁਖਪਾਲ ਖਹਿਰਾ ਦੀ ਜ਼ਬਤ ਹੋ ਗਈ ਹੈ।
ਵੇਰਵਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ 4,92,824 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ। ਭਾਵੇਂ ਜਲੰਧਰ ਨੂੰ ਛੱਡ ਕੇ ਪੰਜਾਬ ਭਰ ਵਿੱਚੋਂ ਬਠਿੰਡਾ ’ਚ ਵੋਟ ਮਾਰਜਨ ਸਭ ਤੋਂ ਘੱਟ 21,772 ਹੈ ਪਰ ਹਰਸਿਮਰਤ ਨੇ ਪਿਛਲੀ 2014 ਦੇ ਮੁਕਾਬਲੇ 19,395 ਨਾਲੋਂ ਵੋਟਾਂ ਦਾ ਫਰਕ ਐਤਕੀਂ ਵਧਾਇਆ ਹੈ। ਉਂਜ, ਪਹਿਲੀ ਦਫਾ ਹਰਸਿਮਰਤ ਨੇ ਸਾਲ 2009 ਵਿੱਚ ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਪਿੜ ਵਿੱਚ ਜੇਤੂ ਪੈਰ ਧਰਿਆ ਸੀ। ਬਠਿੰਡਾ ਤੋਂ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 1,34,398 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ’ਤੇ ਰਹੀ ਹੈ ਜਦੋਂ ਕਿ ਸਾਲ 2014 ਦੀ ਚੋਣ ’ਚ ‘ਆਪ’ ਉਮੀਦਵਾਰ ਜੱਸੀ ਜਸਰਾਜ ਨੂੰ 88 ਹਜ਼ਾਰ ਵੋਟਾਂ ਮਿਲੀਆਂ ਸਨ।
ਪੰਜਾਬ ਜਮਹੂਰੀ ਮੋਰਚੇ ਦੇ ਉਮੀਦਵਾਰ ਸੁਖਪਾਲ ਖਹਿਰਾ ਨਾਲ ਸਭ ਤੋਂ ਭੈੜੀ ਹੋਈ ਹੈ ਜੋ ਦੁਆਬੇ ਤੋਂ ਵੱਡੇ ਘਰ ਨਾਲ ਟੱਕਰ ਲੈਣ ਲਈ ਆਏ ਸਨ। ਉਨ੍ਹਾਂ ਨੂੰ ਸਿਰਫ 38,199 ਵੋਟਾਂ ਮਿਲੀਆਂ। ਅਕਾਲੀ ਦਲ (ਮਾਨ) ਦੇ ਗੁਰਸੇਵਕ ਸਿੰਘ ਨੂੰ ਮਹਿਜ 3820 ਵੋਟਾਂ ਹੀ ਮਿਲੀਆਂ ਜਦੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਤਰਫ਼ੋਂ ਮੈਦਾਨ ਵਿਚ ਡਟੀ ਵੀਰਪਾਲ ਕੌਰ ਰੱਲਾ ਨੂੰ 2,068 ਵੋਟਾਂ ਹੀ ਮਿਲੀਆਂ। ਨੋਟਾ ਨੂੰ ਚੰਗੇ ਹੁੰਗਾਰੇ ਸਦਕਾ 13,323 ਵੋਟਾਂ ਮਿਲੀਆਂ। ਚੋਣਾਂ ਮੈਦਾਨ ਵਿੱਚ 27 ਉਮੀਦਵਾਰ ਸਨ। ਮਾਨ ਦਲ ਦੇ ਉਮੀਦਵਾਰ ਨਾਲੋਂ ਤਾਂ ਦੋ ਆਜ਼ਾਦ ਉਮੀਦਵਾਰ ਹੀ ਵੱਧ ਵੋਟਾਂ ਲੈ ਗਏ।
ਬਠਿੰਡਾ ਹਲਕਾ ਐਤਕੀਂ ਵੱਕਾਰੀ ਸੀ ਅਤੇ ਬੇਅਦਬੀ ਦੇ ਮਾਮਲੇ ਕਰਕੇ ਚੁਣੌਤੀਆਂ ਜ਼ਿਆਦਾ ਸਨ। ਬਠਿੰਡਾ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ ਚਾਰ ਹਲਕੇ ਰਾਜਾ ਵੜਿੰਗ ਦੇ ਹੱਕ ਵਿਚ ਅਤੇ ਪੰਜ ਹਲਕੇ ਹਰਸਿਮਰਤ ਦੇ ਪੱਖ ਵਿੱਚ ਭੁਗਤੇ ਹਨ। ਪਹਿਲੀ ਵਾਰ ਹਰਸਿਮਰਤ ਨੂੰ ਬਠਿੰਡਾ ਸ਼ਹਿਰ ਵਿੱਚੋਂ 3,743 ਵੋਟਾਂ ਦੀ ਲੀਡ ਮਿਲੀ ਹੈ ਜਦੋਂ ਕਿ ਪਿਛਲੀ ਚੋਣ ’ਚ ਬਠਿੰਡਾ ਵਿੱਚੋਂ 29,316 ਵੋਟ ਹਰਸਿਮਰਤ ਘਟੀ ਸੀ। ਭਾਵੇਂ ਐਤਕੀਂ ਲੰਬੀ ਦੀ ਲੀਡ ਪਿਛਲੀ ਚੋਣ ਦੀ 34,219 ਦੇ ਲੀਡ ਦੇ ਮੁਕਾਬਲੇ 16,125 ਰਹਿ ਗਈ ਹੈ ਪਰ ਹਰਸਿਮਰਤ ਨੂੰ ਵੱਡਾ ਮਾਰਜਨ ਲੰਬੀ ਤੋਂ ਹੀ ਮਿਲਿਆ ਹੈ।
ਹਰਸਿਮਰਤ ਨੂੰ ਬਠਿੰਡਾ ਦਿਹਾਤੀ ਤੋਂ 2586 ਵੋਟਾਂ ਅਤੇ ਬੁਢਲਾਡਾ ਤੋਂ 8524 ਦੀ ਲੀਡ ਮਿਲੀ ਹੈ। ਸਰਦੂਲਗੜ੍ਹ ਹਲਕਾ ਪਿਛਲੀਆਂ ਚੋੋਣਾਂ ਵਿੱਚ ਦੋ ਦਫ਼ਾ ਹਰਸਿਮਰਤ ਦੇ ਪੱਖ ਵਿਚ ਖੜ੍ਹਾ ਜਦੋਂ ਕਿ ਐਤਕੀਂ ਸਰਦੂਲਗੜ ਤੋਂ ਰਾਜਾ ਵੜਿੰਗ ਨੂੰ 3158 ਵੋਟਾਂ ਦੀ ਲੀਡ ਮਿਲੀ ਹੈ। ਮਾਨਸਾ ਹਲਕੇ ਨੇ ਵੀ ਵੜਿੰਗ ਨੂੰ ਸੱਟ ਮਾਰੀ ਹੈ। ਮਾਨਸਾ ਤੋਂ ਕਾਂਗਰਸ ਦੀ ਲੀਡ ਸਿਰਫ 2926 ਵੋਟਾਂ ਦੀ ਹੀ ਰਹਿ ਗਈ ਹੈ ਜਦੋਂ ਕਿ ਸਾਲ 2014 ਵਿਚ ਇਹ ਲੀਡ 23,911 ਵੋਟਾਂ ਦੀ ਸੀ। ‘ਆਪ’ ਤੋਂ ਆਏ ਵਿਧਾਇਕ ਮਾਨਸ਼ਾਹੀਆ ਦਾ ਵੀ ਕੋਈ ਫਾਇਦਾ ਨਹੀਂ ਮਿਲ ਸਕਿਆ।
ਹਲਕਾ ਤਲਵੰਡੀ ਸਾਬੋ ਤੋਂ ਵੜਿੰਗ ਨੂੰ 5961 ਵੋਟਾਂ ਦੀ ਅਤੇ ਹਲਕਾ ਮੌੜ ਤੋਂ 5653 ਵੋਟਾਂ ਦੀ ਲੀਡ ਮਿਲੀ ਹੈ। ਨਜ਼ਰ ਮਾਰੀਏ ਤਾਂ ਕਾਂਗਰਸ ਨੂੰ ਨੌ ਅਸੈਂਬਲੀ ਹਲਕਿਆਂ ਵਿੱਚੋਂ ਚਾਰ ’ਤੇ ਲੀਡ ਮਿਲੀ ਹੈ ਜਦੋਂ ਕਿ ਸਾਲ 2014 ਵਿੱਚ ਤਿੰਨ ਅਤੇ ਸਾਲ 2009 ਵਿੱਚ ਸਿਰਫ ਦੋ ਹਲਕਿਆਂ ਵਿੱਚ ਹੀ ਲੀਡ ਮਿਲੀ ਸੀ।