ਬਠਿੰਡਾ, 22 ਦਸੰਬਰ
ਇਥੇ ਹੁਣ ‘ਥਰਮਲ ਬਚਾਓ ਮੋਰਚਾ’ ਲੱਗੇਗਾ। ਕੈਪਟਨ ਅਮਰਿੰਦਰ ਸਰਕਾਰ ਦੇ ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਫੈਸਲੇ ਨੇ ਸਾਰੀਆਂ ਧਿਰਾਂ ਨੂੰ ਹਲੂਣਿਆ ਹੈ, ਜਿਨ੍ਹਾਂ ਨੇ ਹੁਣ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਫ਼ੈਸਲੇ ਤੋਂ ਭੜਕੀ ਬਠਿੰਡਾ ਥਰਮਲ ਦੀ ਐਂਪਲਾਈਜ਼ ਤਾਲਮੇਲ ਕਮੇਟੀ ਨੇ ਅੱਜ ਬਠਿੰਡਾ-ਮਲੋਟ ਰੋਡ ‘ਤੇ ਜਾਮ ਲਾਇਆ। ਕਮੇਟੀ ਆਗੂਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਣ ਮਗਰੋਂ ਜਨਤਕ ਧਿਰਾਂ ਨਾਲ ਅਗਲੀ ਰਣਨੀਤੀ ਬਾਰੇ ਮੀਟਿੰਗ ਵੀ ਕੀਤੀ। ਇਸ ਦੌਰਾਨ ਜੀਐਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਨੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ ਥਰਮਲ ਪਲਾਂਟ, ਭੁੱਚੋ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ।
ਨਵੇਂ ਪ੍ਰੋਗਰਾਮ ਤਹਿਤ ਦੋ ਦਰਜਨ ਧਿਰਾਂ ਵੱਲੋਂ 23 ਦਸੰਬਰ ਨੂੰ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਅੱਗੇ ਮੋਰਚਾ ਲਾਇਆ ਜਾਵੇਗਾ। ਤਾਲਮੇਲ ਕਮੇਟੀ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ ਸਾਰੀਆਂ ਧਿਰਾਂ ‘ਤੇ ਆਧਾਰਤ ‘ਥਰਮਲ ਬਚਾਓ ਮੋਰਚਾ’ ਬਣੇਗਾ, ਜਿਸ ’ਚ ਸਾਰੇ ਵਿਭਾਗਾਂ ਦੇ ਮੁਲਾਜ਼ਮ, ਮਜ਼ਦੂਰ, ਵਿਦਿਆਰਥੀ, ਕਿਸਾਨ ਅਤੇ ਬੇਰੁਜ਼ਗਾਰ ਸ਼ਾਮਲ ਹੋਣਗੇ। ਇਸ ਮੋਰਚੇ ਦਾ ਰਸਮੀ ਐਲਾਨ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ। ਮਨਪ੍ਰੀਤ ਬਾਦਲ ’ਤੇ ਇਹ ਥਰਮਲ ਬੰਦ ਕਰਾਉਣ ’ਚ ਮੋਹਰੀ ਭੂਮਿਕਾ ਨਿਭਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਮੁਲਾਜ਼ਮ ਧਿਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰੋਹ ’ਚ ਆਏ ਮੁਲਾਜ਼ਮ ਹੁਣ ‘ਕਰੋ ਜਾਂ ਮਰੋ’ ਦੀ ਲੜਾਈ ਲੜਨਗੇ ਅਤੇ ਮਨਪ੍ਰੀਤ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਤਾਲਮੇਲ ਕਮੇਟੀ ਆਗੂ ਪ੍ਰਕਾਸ਼ ਸਿੰਘ, ਜਸਵਿੰਦਰ ਬਰਾੜ ਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਮਨਪ੍ਰੀਤ ਨੇ ਬਠਿੰਡਾ ਨਾਲ ਦਗਾ ਕਮਾਇਆ ਹੈ ਅਤੇ ਸਰਕਾਰ ਨੇ ਰੁਜ਼ਗਾਰ ਦੇਣ ਦੀ ਥਾਂ ਹਜ਼ਾਰਾਂ ਹੱਥਾਂ ਤੋਂ ਰੁਜ਼ਗਾਰ ਖੋਹ ਲਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਥਰਮਲਾਂ ਨੂੰ ਫਾਇਦਾ ਦੇਣ ਖ਼ਾਤਿਰ ਬਠਿੰਡਾ ਥਰਮਲ ’ਤੇ ਖਰਚੇ 715 ਕਰੋੜ ਰੁਪਏ ਖੂਹ ਖਾਤੇ ਪਾਏ ਗਏ ਹਨ।
ਥਰਮਲ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ, ਪੰਜਾਬ ਨੇ ਬਠਿੰਡਾ ‘ਚ ਪਹਿਲੀ ਜਨਵਰੀ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਕਮੇਟੀ ਨੇ ਅੱਜ ਕਨਵੀਨਰ ਰਜਿੰਦਰ ਢਿੱਲੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਥਰਮਲਾਂ ਦੇ ਬੰਦ ਹੋਣ ਨਾਲ 20-25 ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ। ਥਰਮਲ ਬਚਾਉਣ ਲਈ ਜਲ ਸਪਲਾਈ ਯੂਨੀਅਨ, ਬੀਕੇਯੂ ਏਕਤਾ ਉਗਰਾਹਾਂ, ਡੀਟੀਐਫ ਯੂਨੀਅਨ, ਸਟੂਡੈਂਟਸ ਯੂਨੀਅਨ ਰੰਧਾਵਾ, ਥਰਮਲ ਇੰਟਕ, ਥਰਮਲ ਟੀਐਸਯੂ, ਰਿਟਾਇਰਮੈਂਟ ਐਸੋਸੀਏਸ਼ਨ, ਟੀਐਸਯੂ ਲਹਿਰਾ ਥਰਮਲ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਹੋਰ ਕਈ ਯੂਨੀਅਨਾਂ ਦੇ ਮੈਂਬਰ ਵੀ ਸੰਘਰਸ਼ ’ਚ ਕੁੱਦੇ ਪਏ ਹਨ।
ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਕੈਪਟਨ ਸਰਕਾਰ
ਕੈਪਟਨ ਸਰਕਾਰ ਦੇ ਬਠਿੰਡਾ ਥਰਮਲ ਬੰਦ ਕਰਨ ਦੇ ਫੈਸਲੇ ਨੇ ਵਿਰੋਧੀ ਧਿਰਾਂ ਨੂੰ ਵੱਡਾ ਮੁੱਦਾ ਦੇ ਦਿੱਤਾ ਹੈ, ਜੋ ਆਗਾਮੀ ਲੋਕ ਸਭਾ ਚੋਣਾਂ ‘ਚ ਹਾਕਮ ਧਿਰ ਲਈ ਸਿਰਦਰਦੀ ਬਣੇਗਾ। ਅਕਾਲੀ ਦਲ (ਸ਼ਹਿਰੀ) ਨੇ ਭਲਕੇ ਮੀਟਿੰਗ ਸੱਦ ਲਈ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ 22 ਦਸੰਬਰ ਨੂੰ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਉਹ ਸ਼ਨਿਚਰਵਾਰ ਤੋਂ ਥਰਮਲ ਬਚਾਉਣ ਲਈ ਮੈਦਾਨ ’ਚ ਉਤਰਨਗੇ। ‘ਆਪ’ ਦੇ ਜ਼ਿਲ੍ਹਾ ਆਗੂ ਨਵਦੀਪ ਜੀਦਾ ਅਤੇ ਇੰਚਾਰਜ ਦੀਪਕ ਬਾਂਸਲ ਨੇ ਕਿਹਾ ਕਿ ਸਰਕਾਰ ਨੇ ਬਠਿੰਡਾ ਦੀ ਪਛਾਣ ’ਤੇ ਸੱਟ ਮਾਰੀ ਹੈ ਅਤੇ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਠੰਢੇ ਕਰਨ ਵਾਲਾ ਫੈਸਲਾ ਕੀਤਾ ਹੈ।