ਮਾਨਸਾ, ਲੋਕ ਸਭਾ ਹਲਕਾ ਬਠਿੰਡਾ ਤੋਂ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਨਾ ਲੜਨ ਦੀ ਚਰਚਾ ਦੌਰਾਨ ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਇਸ ਹਲਕੇ ਵਿਚਲੇ ਆਗੂਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਉਨ੍ਹਾਂ ਨੇ ਹੁਣ ਟਿਕਟ ਹਾਸਲ ਕਰਨ ਲਈ ਦਿੱਲੀ ਦਰਬਾਰ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਆਗੂਆਂ ਵਿੱਚੋਂ ਬਹੁਤੇ ਉਹ ਵੀ ਹਨ, ਜਿਹੜੇ ਦੋ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਹਾਰ ਗਏ ਸਨ।
ਮਾਨਸਾ ਜ਼ਿਲ੍ਹੇ ਦੇ ਬਹੁਤੇ ਕਾਂਗਰਸੀ ਆਗੂਆਂ ਨੇ ਨਵਜੋਤ ਕੌਰ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਣਇੰਦਰ ਸਿੰਘ ਟਿੱਕੂ ਸਮੇਤ ਹੋਰ ਵੱਡੇ ਕਾਂਗਰਸੀ ਨੇਤਾਵਾਂ ਦੇ ਚੋਣ ਲੜਨ ਤੋਂ ਫਿਲਹਾਲ ਧਾਰੀ ਚੁੱਪੀ ਤੋਂ ਬਾਅਦ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪਿਛਲੇ 10 ਸਾਲਾਂ ਤੋਂ ਬੀਬੀ ਬਾਦਲ ਸੰਸਦ ਮੈਂਬਰ ਵਜੋਂ ਕੰਮ ਕਰਦੇ ਆ ਰਹੇ ਹਨ, ਬੇਸ਼ੱਕ ਬਾਦਲ ਪਰਿਵਾਰ ਵੱਲੋਂ ਇਸ ਹਲਕੇ ਵਿਚ ਵੱਡੀ ਪੱਧਰ ਉਪਰ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਅਕਾਲੀ ਸਿਰਫ ਦੋ ਹਲਕਿਆਂ ਉਪਰ ਹੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ ਹਨ, ਜਦੋਂ ਕਿ ਬਾਕੀ ਸੱਤ ਹਲਕਿਆਂ ਉਤੇ ਕਾਂਗਰਸ ਅਤੇ ਆਪ ਦੇ ਵਿਧਾਇਕਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਪਰ ਹੁਣ ਆਮ ਆਦਮੀ ਪਾਰਟੀ ਵਿਚਲੀ ਪਾਟੋ-ਧਾੜ ਨੇ ਬਠਿੰਡਾ ਲੋਕ ਸਭਾ ਹਲਕੇ ਵਿਚ ਪਾਰਟੀ ਨੂੰ ਕਸੂਤੀ ਸਥਿਤੀ ਵਿਚ ਪਾਇਆ ਹੋਇਆ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ ਬਾਲਾ, ਸਾਬਕਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਸਮੇਤ ਤਿੰਨ ਵਾਰ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵੀ ਇਸ ਜ਼ਿਲ੍ਹੇ ‘’ਚੋਂ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਵਿਚ ਹਨ, ਜਦੋਂਕਿ ਜ਼ਿਲ੍ਹਾ ਪਰਿਸ਼ਦ ਦੀ ਚੋਣ ਜਿੱਤਣ ਵਾਲੀ ਪੀਐਚ ਡੀ ਕਰ ਰਹੀ ਅਤੇ ਮਰਹੂਮ ਲੋਭ ਸਭਾ ਮੈਂਬਰ ਹਾਕਮ ਸਿੰਘ ਮੀਆਂ ਦੀ ਪੋਤੀ ਜਸਪਿੰਦਰ ਕੌਰ ਮੀਆਂ ਦਾ ਨਾਮ ਵੀ ਚਰਚਾ ਵਿਚ ਹੈ।
ਉਧਰ ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਦੇ ਇਸ ਹਲਕੇ ਤੋਂ ਚੋਣ ਨਾ ਲੜਨ ਦੇ ਚਰਚਿਆਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਜਦੋਂ ਕਿ ਇਕ ਦਰਜਨ ਦੇ ਕਰੀਬ ਕਾਂਗਰਸੀ ਆਗੂ ਇਸ ਹਲਕੇ ਤੋਂ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਦੱਸ ਰਹੇ ਹਨ। ਇਸ ਹਲਕੇ ਨੂੰ ਕਾਂਗਰਸੀ ਇਸ ਲਈ ਸੌਖਾ ਮਹਿਸੂਸ ਕਰ ਰਹੇ ਹਨ ਕਿਉਂਕਿ ਪਿਛਲੇ ਵਾਰੀ ਇਸ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਿਰਫ 18 ਹਜ਼ਾਰ ਵੋਟਾਂ ਤੋਂ ਚੋਣ ਹਾਰੇ ਸਨ।