ਬਠਿੰਡਾ, 12 ਅਪਰੈਲ
ਇਥੋਂ ਦੀ ਫੌਜੀ ਛਾਉਣੀ ’ਚ ਅੱਜ ਤੜਕੇ ਗੋਲ਼ੀਬਾਰੀ ’ਚ ਆਰਟੀਲਰੀ ਯੂਨਿਟ ਦੇ 4 ਫ਼ੌਜੀਆਂ ਦੀ ਮੌਤ ਹੋ ਗਈ। ਮਾਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵੇਰਵੇ ਮੰਗ ਲਏ ਗਏ ਹਨ। ਇਹ ਵਾਰਦਾਤ ਛਾਉਣੀ ਵਿਚਲੀ ਆਫ਼ੀਸਰਜ਼ ਮੈੱਸ ’ਤੇ ਕਰੀਬ ਸਾਢੇ ਚਾਰ ਵਜੇ ਹੋਈ। ਘਟਨਾ ਤੋਂ ਫੌਰੀ ਬਾਅਦ ਛਾਉਣੀ ਨੂੰ ਮੁਕੰਮਲ ਤੌਰ ’ਤੇ ਚੁਫ਼ੇਰਿਓਂ ਸੀਲ ਕਰ ਦਿੱਤਾ ਗਿਆ। ਖ਼ਬਰ ਲਿਖ਼ੇ ਜਾਣ ਤੱਕ ਇੱਥੇ ਤਲਾਸ਼ੀ ਮੁਹਿੰਮ ਜਾਰੀ ਸੀ। ਉਧਰ ਐੱਸਐੱਸਪੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ‘ਅਤਿਵਾਦੀ ਹਮਲਾ’ ਹੋਣ ਤੋਂ ਇਨਕਾਰ ਕੀਤਾ ਹੈ। ਇਸੇ ਤਰ੍ਹਾਂ ਬਠਿੰਡਾ ਜ਼ੋਨ ਦੇ ਏਡੀਜੀਪੀ ਐੱਸਏਐੱਸ ਪਰਮਾਰ ਨੇ ਕਿਸੇ ਬਾਹਰੀ ਹਮਲੇ ਦੀਆਂ ਸੰਭਾਵਨਾਵਾਂ ਰੱਦ ਕਰਦਿਆਂ ਇਸ ਨੂੰ ਅੰਦਰੂਨੀ ਮਾਮਲਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਸੈਨਿਕ ਅਫ਼ਸਰਾਂ ਨੂੰ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਗੌਰਤਲਬ ਹੈ ਕਿ ਬਠਿੰਡਾ ਫੌਜੀ ਛਾਉਣੀ ਏਸ਼ੀਆ ਦੀਆਂ ਪ੍ਰਮੁੱਖ ਛਾਉਣੀਆਂ ਵਿੱਚੋਂ ਇੱਕ ਹੈ।