ਬਠਿੰਡਾ, 5 ਨਵੰਬਰ
‘ਚੱਕਾ ਜਾਮ’ ਤਹਿਤ ਇਥੇ ਭਾਈ ਘਨੱਈਆ ਚੌਕ ਵਿਚ ਧਰਨਾ ਦੇ ਰਹੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ (ਆਪ) ਦੀ ਮੁਕਾਮੀ ਲੀਡਰਸ਼ਿਪ ਦਰਮਿਆਨ ਤਕਰਾਰ ਹੋ ਗਈ। ਕਿਸਾਨ ਆਗੂ ਅਮਰਜੀਤ ਹਨੀ ਮੁਤਾਬਿਕ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਉਸਦੇ ਸਾਥੀ ਕਿਸਾਨਾਂ ਦੀ ਸਟੇਜ ਤੋਂ ਦਸ ਕੁ ਕਦਮ ਪਿੱਛੇ ਬੈਠੇ ਸਨ। ਉਨ੍ਹਾਂ ਕੋਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਝੰਡੇ ਸਨ। ਹਾਲਾਂ ਕਿ ਉਗਰਾਹਾਂ ਧੜੇ ਦਾ ਵੱਖ ਪ੍ਰੋਗਰਾਮ ਸੀ ਅਤੇ ਇਸ ਧਰਨੇ ’ਚ ਬਾਕੀ 30 ਜਥੇਬੰਦੀਆਂ ਸ਼ਾਮਿਲ ਸਨ। ਹਨੀ ਮੁਤਾਬਿਕ ਉਨ੍ਹਾਂ ਜੀਦਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਅਰੇਬਾਜ਼ੀ ਕਰਨ ਤੋਂ ਰੋਕਿਆ ਤਾਂ ਜੋ ਸਟੇਜੀ ਕਾਰਵਾਈ ’ਚ ਵਿਘਨ ਨਾ ਪਵੇ। ਇਸੇ ਦੌਰਾਨ ਦੋਹਾਂ ਧਿਰਾਂ ਵਿਚਾਲੇ ਤਲਖ਼ ਕਲਾਮੀ ਹੋ ਗਈ, ਜਿਸ ਨੂੰ ਕੁਝ ਲੋਕਾਂ ਨੇ ਵਿਚ ਪੈ ਕੇ ਖਤਮ ਕਰਵਾਇਆ।
ਉੱਧਰ, ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਉਹ ‘ਆਪ’ ਅਤੇ ਵਕੀਲ ਭਾਈਚਾਰੇ ਦੀ ਤਰਫ਼ੋਂ ਧਰਨੇ ’ਚ ਸਮਰਥਨ ਲਈ ਆਏ ਸਨ। ਉਨ੍ਹਾਂ ਮੰਚ ਤੋਂ ਸੰਬੋਧਨ ਲਈ ਸਮਾਂ ਮੰਗੇ ਜਾਣ ਨੂੰ ਬੇਬੁਨਿਆਦ ਦੱਸਦਿਆਂ ਆਖਿਆ ਕਿ ਉਹ ਪ੍ਰਦਰਸ਼ਨ ’ਚ ਕਿਸੇ ਸਿਆਸੀ ਧਿਰ ਦਾ ਨਹੀਂ ਬਲਕਿ ਕਿਸਾਨ ਜਥੇਬੰਦੀ ਦਾ ਅੰਗ ਬਣ ਕੇ ਆਏ ਸਨ ਪਰ ਕੁਝ ਵਿਅਕਤੀਆਂ ਵੱਲੋਂ ਜਾਣ ਬੁੱਝ ਕੇ ਬਾਤ ਦਾ ਬਤੰਗੜ ਬਣਾ ਦਿੱਤਾ ਗਿਆ।