ਬਠਿੰਡਾ, 27 ਅਕਤੂਬਰ

ਸੰਘਰਸ਼ਕਾਰੀ ਕਿਸਾਨਾਂ ਨੇ ਅੱਜ ਇਥੇ ਪੰਜਾਬ ਸਰਕਾਰ ਦੇ ਫ਼ਲੈਕਸਾਂ ’ਤੇ ਧਾਵਾ ਬੋਲਦਿਆਂ ਬੱਸਾਂ ’ਤੇ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ’ਤੇ ਕਾਲੇ ਤੇਲ ਵਾਲੇ ਬੁਰਸ਼ ਫੇਰੇ। ਇਸ ਕੰਮ ’ਚ ਜੁਟੇ ਕਰੀਬ 200 ਕਿਸਾਨਾਂ ਦੇ ਕਾਫ਼ਲੇ ਨੇ ਸ਼ਹਿਰਾਂ ’ਚ ਲੱਗੇ ਹੋਰਡਿੰਗਾਂ ਨੂੰ ਵੀ ਫਾੜ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਨੇ ਜਨਤਕ ਥਾਵਾਂ ਅਤੇ ਬੱਸਾਂ ’ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਫ਼ਲੈਕਸਾਂ ਨੂੰ ਨਸ਼ਟ ਕਰ ਦਿੱਤਾ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਅਤੇ ਗੁਲਾਬੀ ਸੁੰਡੀ ਦੀ ਫੇਟ ’ਚ ਆਈਆਂ ਫ਼ਸਲਾਂ ਦਾ ਮੁਆਵਜ਼ਾ ਤਾਂ ਸਰਕਾਰ ਨੇ ਨਹੀਂ ਦਿੱਤਾ ਪਰ ਇਸ ਫੋਕੀ ਸ਼ੋਹਰਤ ਲਈ ਪ੍ਰਚਾਰ ਫ਼ਲੈਕਸ ਲਾ ਕੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲਾਂ ਕਿ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ 29 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਗੁੰਮਰਾਹਕੁਨ ਪ੍ਰਚਾਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਗੁਲਾਬੀ ਸੁੰਡੀ ਤੇ ਮੌਸਮੀ ਆਫ਼ਤਾਂ ਕਾਰਣ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ 25 ਅਕਤੂਬਰ ਤੋਂ ਇੱਥੋਂ ਦੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ।