ਸ੍ਰੀਨਗਰ, 30 ਸਤੰਬਰ

ਭਾਰਤੀ ਫ਼ੌਜ ਵੱਲੋਂ ਮੁਕਾਬਲੇ ਦੌਰਾਨ ਜਿਊਂਦੇ ਫੜੇ ਗਏ ਇਕ ਨੌਜਵਾਨ ਪਾਕਿਸਤਾਨੀ ਅਤਿਵਾਦੀ ਨੇ ਗੁਆਂਢੀ ਮੁਲਕ ਵਿਚ ਬੈਠੇ ਆਪਣੇ ਹੈਂਡਲਰਾਂ ਨੂੰ ਕਿਹਾ ਹੈ ਕਿ ਉਸ ਨੂੰ ਉਸ ਦੀ ਮਾਂ ਕੋਲ ਵਾਪਸ ਲਿਜਾਇਆ ਜਾਵੇ। ਅਲੀ ਬਾਬਰ ਪਾਤਰਾ ਨੂੰ ਕਸ਼ਮੀਰ ਦੇ ਉੜੀ ਸੈਕਟਰ ’ਚ 26 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ।

ਅਲੀ ਨੇ ਕਿਹਾ ‘ਮੈਂ ਲਸ਼ਕਰ-ਏ-ਤੋਇਬਾ ਦੇ ਖੇਤਰੀ ਕਮਾਂਡਰ, ਆਈਐੱਸਆਈ ਤੇ ਪਾਕਿਸਤਾਨੀ ਫ਼ੌਜ ਨੂੰ ਕਹਿੰਦਾ ਹੈ ਕਿ ਮੈਨੂੰ ਵਾਪਸ ਮੇਰੀ ਮਾਂ ਕੋਲ ਭੇਜਿਆ ਜਾਵੇ, ਜਿਵੇਂ ਉਨ੍ਹਾਂ ਨੇ ਮੈਨੂੰ ਇੱਥੇ (ਭਾਰਤ) ਭੇਜਿਆ ਹੈ।’ ਫ਼ੌਜ ਨੇ ਉਸ ਦਾ ਇਕ ਵੀਡੀਓ ਸੁਨੇਹਾ ਰਿਲੀਜ਼ ਕੀਤਾ ਹੈ। ਮੁਕਾਬਲੇ ਦੌਰਾਨ ਫੜੇ ਜਾਣ ’ਤੇ ਉਸ ਨੇ ਭਾਰਤੀ ਫ਼ੌਜ ਨੂੰ ਜਾਨ ਬਖ਼ਸ਼ ਦੇਣ ਦੀ ਬੇਨਤੀ ਕੀਤੀ ਸੀ। ਇਕ ਹੋਰ ਪਾਕਿਸਤਾਨੀ ਘੁਸਪੈਠੀਆ 18 ਸਤੰਬਰ ਨੂੰ ਮਾਰਿਆ ਵੀ ਗਿਆ ਸੀ। ਅਲੀ ਬਾਬਰ ਨੇ ਕਿਹਾ ‘ਸਾਨੂੰ ਦੱਸਿਆ ਗਿਆ ਸੀ ਕਿ ਭਾਰਤੀ ਫ਼ੌਜ ਉੱਥੇ ਲੋਕਾਂ ਦੇ ਖ਼ੂਨ ਦੀ ਪਿਆਸੀ ਹੋਈ ਪਈ ਹੈ, ਪਰ ਇੱਥੇ ਸਭ ਸ਼ਾਂਤ ਹੈ। ਮੈਂ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਫ਼ੌਜ ਨੇ ਮੇਰਾ ਚੰਗਾ ਖਿਆਲ ਰੱਖਿਆ ਹੈ।’ ਉਸ ਨੇ ਨਾਲ ਹੀ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਤੇ ਅਧਿਕਾਰੀਆਂ ਦਾ ਸਥਾਨਕ ਲੋਕਾਂ ਨਾਲ ਵਿਹਾਰ ਵੀ ਬਹੁਤ ਚੰਗਾ ਹੈ ਤੇ ਉਸ ਨੇ ਕੈਂਪ ਵਿਚ ਇਹ ਦੇਖਿਆ ਹੈ ਜਿੱਥੇ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਸੀ।

ਉਸ ਨੇ ਕਿਹਾ ਕਿ ‘ਇਸ ਦੇ ਉਲਟ ਪਾਕਿਸਤਾਨੀ ਕਸ਼ਮੀਰ ਵਿਚ ਸਾਡੀ ਮਜਬੂਰੀ ਦਾ ਫਾਇਦਾ ਉਠਾ ਕੇ ਸਾਨੂੰ ਇੱਥੇ ਭੇਜਿਆ ਜਾਂਦਾ ਹੈ।’ ਨੌਜਵਾਨ ਨੇ ਕਿਹਾ ਕਿ ਉਸ ਦੇ ਪਿਤਾ ਦੀ ਸੱਤ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਨੂੰ ਆਰਥਿਕ ਤੰਗੀ ਕਾਰਨ ਸਕੂਲ ਛੱਡਣਾ ਪਿਆ। ਬਾਬਰ ਨੇ ਦੱਸਿਆ ਕਿ ਸਿਆਲਕੋਟ ਵਿਚ ਉਸ ਨੂੰ ਗਾਰਮੈਂਟ ਫੈਕਟਰੀ ਵਿਚ ਨੌਕਰੀ ਮਿਲ ਗਈ ਸੀ ਜਿੱਥੇ ਉਹ ਅਨਸ ਨੂੰ ਮਿਲਿਆ ਜੋ ਕਿ ਲਸ਼ਕਰ ਲਈ ਲੋਕਾਂ ਨੂੰ ਭਰਤੀ ਕਰਦਾ ਸੀ। ਆਪਣੀ ਤੰਗੀ ਕਾਰਨ ਉਹ ਉਸ ਨਾਲ ਚਲਾ ਗਿਆ।

ਅਲੀ ਬਾਬਰ ਨੇ ਕਿਹਾ ਕਿ ਉਸ ਨੂੰ ਪਹਿਲਾਂ 20 ਹਜ਼ਾਰ ਰੁਪਏ ਮਿਲੇ ਤੇ ਮਗਰੋਂ 30 ਹਜ਼ਾਰ ਹੋਰ ਦੇਣ ਦਾ ਵਾਅਦਾ ਕੀਤਾ ਗਿਆ। ਨੌਜਵਾਨ ਨੇ ਹਥਿਆਰਾਂ ਦੀ ਸਿਖਲਾਈ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਤੇ ਆਈਐੱਸਆਈ ਨੇ ਉਸ ਨੂੰ ਖ਼ੈਬਰ ਦੇਲੀਹਬੀਬੁੱਲ੍ਹਾ ਵਿਚ ਟਰੇਨਿੰਗ ਦਿੱਤੀ।