ਵਾਸ਼ਿੰਗਟਨ, 21 ਸਤੰਬਰ
ਅਮਰੀਕਾ ਆਈਐੱਸਆਰ (ਖੁਫੀਆ, ਨਿਗਰਾਨੀ ਤੇ ਟੋਹੀ) ਅਤੇ ਜ਼ਮੀਨ ਆਧਾਰਿਤ ਰਵਾਇਤੀ ਯੁੱਧ ਸਮੱਗਰੀ ਨਾਲ ਸਬੰਧਤ ਖੇਤਰਾਂ ਵਿੱਚ ਫੌਜੀ ਸਾਜ਼ੋ-ਸਾਮਾਨ ਦਾ ਉਤਪਾਦਨ ਕਰਨ ਲਈ ਭਾਰਤ ਸਰਕਾਰ ਨਾਲ ਸਰਗਰਮੀ ਨਾਲ ਗੱਲਬਾਤ ਕਰ ਰਿਹਾ ਹੈ। ਇਹ ਜਾਣਕਾਰੀ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਰੱਖਿਆ ਮੰਤਰੀ ਦੇ ਦਫ਼ਤਰ ਵਿੱਚ ਦੱਖਣੀ ਏਸ਼ੀਆ ਨੀਤੀ ਦੇ ਨਿਰਦੇਸ਼ਕ ਸਿਧਾਰਥ ਅਈਅਰ ਨੇ ਹਡਸਨ ਇੰਸਟਚਿਊਟ ਵੱਲੋਂ ਬੀਤੇ ਦਿਨੀਂ ਕਰਵਾਏ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਭਾਰਤ ਨਾਲ ਆਪਸੀ ਰੱਖਿਆ ਖ਼ਰੀਦ ਸਮਝੌਤਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਭਾਰਤੀ ਮੂਲ ਦੇ ਅਮਰੀਕੀ ਅਈਅਰ ਨੇ ਕਿਹਾ ਕਿ ਸਪਲਾਈ ਵਿਵਸਥਾ ਦੀ ਸੁਰੱਖਿਆ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਤੇ ਅਮਰੀਕਾ ਵਿਚਾਲੇ ਗੱਲਬਾਤ ਅੱਗੇ ਵਧ ਰਹੀ ਹੈ।