ਓਨਟਾਰੀਓ, 22 ਫਰਵਰੀ : ਪ੍ਰੀਮੀਅਰ ਡੱਗ ਫੋਰਡ ਦੀ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਅਗਲੇ ਹਫਤੇ ਹੋਣ ਜਾ ਰਹੇ ਫੰਡਰੇਜਿ਼ੰਗ ਡਿਨਰ ਲਈ ਉੱਚ ਪੱਧਰੀ ਲਾਬਿੰਗ ਫਰਮਜ਼ ਨਾਲ ਸੰਪਰਕ ਕੀਤਾ ਹੈ ਤੇ ਪਾਰਟੀ ਦੇ ਸਮਰਥਕਾਂ ਨੂੰ ਇਸ ਡਿਨਰ ਲਈ 1250 ਡਾਲਰ ਪ੍ਰਤੀ ਪਲੇਟ ਦੇ ਹਿਸਾਬ ਨਾਲ ਟਿਕਟ ਵੇਚਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਡਿਕਸਨ ਰੋਡ ਉੱਤੇ ਸਥਿਤ ਟੋਰਾਂਟੋ ਕਾਂਗਰਸ ਸੈਂਟਰ ਉੱਤੇ ਬੁੱਧਵਾਰ ਨੂੰ ਹੋਣ ਜਾ ਰਹੇ ਇਸ ਸਮਾਰੋਹ ਦਾ ਆਯੋਜਨ ਪਾਰਟੀ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੇ ਫੰਡਰੇਜ਼ਰ ਤੇ ਪੀਸੀ ਓਨਟਾਰੀਓ ਫੰਡ ਚੇਅਰ ਟੋਨੀ ਮਿਏਲੇ ਵੱਲੋਂ ਕੀਤਾ ਜਾ ਰਿਹਾ ਹੈ। ਪਰ 2016 ਵਿੱਚ ਲਿਬਰਲਾਂ ਵੱਲੋਂ ਸਿਆਸੀ ਫੰਡਰੇਜਿ਼ੰਗ ਸਬੰਧੀ ਸਖ਼ਤ ਕੀਤੇ ਗਏ ਨਿਯਮਾਂ ਕਾਰਨ ਟਿਕਟਾਂ ਵੇਚਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਹਾਲਾਂਕਿ ਕੰਪਨੀਜ਼ ਪਹਿਲਾਂ ਅਜਿਹੇ ਡਿਨਰਜ਼ ਲਈ ਆਪ ਪੂਰਾ ਟੇਬਲ ਖਰੀਦ ਲੈਂਦੀਆਂ ਹਨ ਤੇ ਫਿਰ ਉਨ੍ਹਾਂ ਵੱਲੋਂ ਆਪਣੇ ਇੰਪਲਾਈਜ਼, ਐਸੋਸਿਏਟਜ਼ ਜਾਂ ਕਲਾਇੰਟਜ਼ ਨੂੰ ਅੱਗੇ ਇਹ ਟਿਕਟਾਂ ਵੇਚ ਦਿੱਤੀਆਂ ਜਾਂਦੀਆਂ ਹਨ। ਪਰ ਹੁਣ ਹਰ ਟਿਕਟ ਲਈ ਵਿਅਕਤੀਗਤ ਤੌਰ ਉੱਤੇ ਅਦਾਇਗੀ ਕਰਨੀ ਪੈਂਦੀ ਹੈ। ਇਸ ਨਾਲ ਟਿਕਟਾਂ ਵੇਚਣ ਵਾਲਿਆਂ ਉੱਤੇ ਵੀ ਕਾਫੀ ਦਬਾਅ ਰਹਿੰਦਾ ਹੈ।
ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵਾਂ ਤੇ ਲਿਬਰਲਾਂ ਦੇ ਲਾਬੀਕਾਰਾਂ ਵੱਲੋਂ ਚਲਾਈ ਜਾਣ ਵਾਲੀ ਫਰਮ ਸਸੈਕਸ ਸਟਰੈਟੇਜੀ ਗਰੁੱਪ ਨੇ ਦੱਸਿਆ ਕਿ ਉਨ੍ਹਾਂ ਤੱਕ ਵੀ ਇਸ ਈਵੈਂਟ ਦੀਆਂ ਟਿਕਟਾਂ ਵਿਕਵਾਉਣ ਲਈ ਪਹੁੰਚ ਕੀਤੀ ਗਈ ਹੈ।