“ਫੈੱਡਰਲ ਸਰਕਾਰ ਨੇ ਕੈਨੇਡੀਅਨ ਐਲੂਮੀਨੀਅਮ ਤੇ ਦਰਾਂ ਹਟਾਉਣ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ”
ਬਰੈਂਪਟਨ/ਸਟਾਰ ਨਿਊਜ਼:- ਅਮਰੀਕਾ ਨੇ ਅਗਸਤ ਵਿਚ ਲਾਗੂ ਕੀਤੇ ਗਏ ਕੈਨੇਡੀਅਨ ਐਲੂਮੀਨੀਅਮ ਤੇ ਆਪਣਾ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਇਸਦੇ ਜਵਾਬ ਚ ਅਮਰੀਕਾ ਦੇ ਉਤਪਾਦਾਂ ਤੇ ਟੈਰਿਫ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਆਇਆ ਹੈ।
ਅਮਰੀਕਾ ਵੱਲੋਂ ਲਏ ਗਏ ਇਸ ਫੈਸਲੇ ਦਾ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸਵਾਗਤ ਕੀਤਾ ਅਤੇ ਕਿਹਾ,
“ਇਸ ਟੈਰਿਫ ਨਾਲ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਮਜ਼ਦੂਰਾਂ ਅਤੇ ਉਦਯੋਗਾਂ ਨੂੰ ਨੁਕਸਾਨ ਪਹੁੰਚਣਾ ਸੀ। ਫੈੱਡਰਲ ਲਿਬਰਲ ਸਰਕਾਰ ਵੱਲੋਂ ਸਮੇਂ ਸਿਰ ਲਏ ਗਏ ਸਹੀ ਫੈਸਲੇ ਨਾਲ ਹੀ ਅਜਿਹਾ ਸੰਭਵ ਹੋ ਸਕਿਆ ਹੈ। ਇਹ ਟੀਮ ਕੈਨੇਡਾ ਦੀ ਪਹੁੰਚ ਦਾ ਪ੍ਰਮਾਣ ਹੈ ਕਿਉਂਕਿ ਫੈੱਡਰਲ ਸਰਕਾਰ ਨੇ ਸਾਰੇ ਕੈਨੇਡੀਅਨ ਐਲੂਮੀਨੀਅਮ ਤੇ ਇਹ ਨਾਜਾਇਜ਼ ਦਰਾਂ ਹਟਾਉਣ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ।”
“ਕੈਨੇਡਾ ਫੈੱਡਰਲ ਸਰਕਾਰ ਹਮੇਸ਼ਾ ਆਪਣੇ ਵਰਕਰਾਂ ਅਤੇ ਆਪਣੇ ਉਦਯੋਗਾਂ ਦੇ ਸਮਰਥਨ ਲਈ ਖੜ੍ਹੀ ਰਹੇਗੀ। ਅਸੀਂ ਹਮੇਸ਼ਾਂ ਰਾਸ਼ਟਰੀ ਹਿੱਤਾਂ ਲਈ ਖੜ੍ਹੇ ਰਹਾਂਗੇ। ”
ਯੂਐਸਟੀਆਰ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਕੈਨੇਡੀਅਨ ਨਿਰਯਾਤ ਇਕ ਨਿਸ਼ਚਤ ਪੱਧਰ ਤੋਂ ਵੱਧ ਜਾਂਦਾ ਹੈ ਤਾਂ ਟੈਰਿਫ ਫਿਰ ਤੋਂ ਲਾਗੂ ਕੀਤੇ ਜਾ ਸਕਦੇ ਹਨ, ਜਿਸਦੇ ਜਵਾਬ ਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਮੁੜ੍ਹ ਤੋਂ ਜਵਾਬ ਦੇਣ ਤੋਂ ਨਹੀਂ ਹਿਚਕਿਚਾਏਗਾ।
ਉਹਨਾਂ ਨੇ ਸਪੱਸ਼ਟ ਕੀਤਾ ਕਿ “ਜੇ ਭਵਿੱਖ ਵਿੱਚ ਸਾਡੇ ਐਲੂਮੀਨੀਅਮ ਦੇ ਨਿਰਯਾਤ ਉੱਤੇ ਟੈਰਿਫ ਮੁੜ ਲਾਗੂ ਕੀਤੇ ਜਾਣ ਦਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਬਿਲਕੁਲ ਡਾਲਰ-ਪ੍ਰਤੀ-ਡਾਲਰ ਟੈਰਿਫਾਂ ਦਾ ਬਦਲਾ ਲਵੇਗਾ ਜਿਵੇਂ ਕਿ ਅਸੀਂ ਪਿਛਲੇ ਸਮੇਂ ਵਿੱਚ ਕੀਤਾ ਹੈ।”
ਬਰੇਅਡਨ ਸੀਨੀਅਰ ਕਲੱਬ ਦੇ ਡਾਈਰੈਕਟਰਸ ਦੀ ਮੀਟਿੰਗ ਹੋਈ
ਸਟਾਰ ਨਿਊਜ਼:-30 ਅਗਸਤ 2020 ਦਿਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਡਾਈਰੈਕਟਰਾਂ ਅਤੇ ਐਡਵਾਈਜ਼ਰਾਂ ਦੁਆਰਾ ਪ੍ਰਧਾਨ ਮਨਮੋਹਨ ਸਿੰਘ ਹੇਅਰ ਦੀ ਅਗਵਾਈ ਹੇਠ ਟ੍ਰੀਲਾਈਨ ਪਾਰਕ ਵਿਖੇ ਮੀਟਿੰਗ ਕੀਤੀ ਗਈ। ਪ੍ਰਧਾਨ ਸਾਹਿਬ ਦੱਸਿਆ ਕਿ ਕੋਵਿਡ-19 ਅਤੇ ਇਸ ਬੀਮਾਰੀ ਨਾਲ ਨਜਿੱਠਣ ਲਈ ਸਰਕਾਰੀ ਹਦਾਇਤਾਂ ਦਾ ਪਾਲਨ ਕਰਦਿਆਂ ਕਲੱਬ ਦੁਆਰਾ ਇਸ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਰੱਦ ਕਰਨੀਆਂ ਪਈਆਂ ਹਨ। ਕਲੱਬ ਕਮੇਟੀ ਦੇ ਦੋ ਸਾਲ ਦੀ ਟਰਮ ਪੂਰੀ ਹੋਣ ਸਦਕਾ ਪ੍ਰਧਾਨ ਸਾਹਿਬ ਆਪਣਾ ਅਸਤੀਫਾ ਮੀਤ ਪ੍ਰਧਾਨ ਨੂੰ ਪੇਸ਼ ਕਰ ਦਿੱਤਾ ਜਿਸ ਨੂੰ ਸੰਵਿਧਾਨਕ ਜਰੂਰਤ ਸਮਝਦਿਆਂ ਸਭ ਔਹਦੇਦਾਰਾਂ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ। ਹੋਰ ਔਹਦੇਦਾਰਾਂ ਨੂੰ ਵੀ ਟਰਮ ਪੂਰੀ ਹੋਣ ਸਦਕਾ ਅਸਤੀਫੇ ਦੇ ਦੇਣ ਦੀ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਸ਼ ਗੁਰਦੇਵ ਸਿੰਘ ਭੱਠਲ ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ। ਦੱਸਿਆ ਗਿਆ ਕਿ ਕੋਵਿਡ-19 ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆ ਹਟਣ ਉਪਰੰਤ ਛੇਤੀ ਹੀ ਜਨਰਲ ਬਾਡੀ ਮੀਟਿੰਗ ਬੁਲਾਈ ਜਾਵੇਗੀ ਅਤੇ ਵਿਧਾਨ ਅਨੁਸਾਰ ਪ੍ਰਧਾਨ ਅਤੇ ਹੋਰ ਔਹਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਤਰ੍ਹਾਂ ਸੰਵਿਧਾਨਕ ਕਾਨੂੰਨ ਦਾ ਪਾਲਨ ਕਰਦਿਆਂ ਕਲੱਬ ਨੂੰ ਸੰਤੋਸ਼ਜਨਕ ਤਰੀਕੇ ਨਾਲ ਚਲਾਉਣ ਦੇ ਉਪਰਾਲੇ ਨਾਲ ਸਭ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।