ਅੰਮ੍ਰਿਤਸਰ, ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸ਼ਨ ਵੱਲੋਂ ਜੱਲ੍ਹਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ’ਤੇ ‘ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ’ ਦੇ ਮੁਕਾਬਲੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਪਰਪਜ਼ ਜਿਮਨੇਜ਼ੀਅਮ ਹਾਲ ਵਿੱਚ ਸ਼ੁਰੂ ਹੋ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਵਧੀਕ ਪ੍ਰਮੁੱਖ ਸਕੱਤਰ ਖੇਡਾਂ ਸੰਜੈ ਕੁਮਾਰ ਨੇ ਝੰਡਾ ਲਹਿਰਾ ਕੇ ਕੀਤਾ।
ਸੰਜੈ ਕੁਮਾਰ ਨੇ ਖਿਡਾਰੀਆਂ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਲੀਬਾਲ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ 14 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਕਰੀਬ 300 ਖਿਡਾਰੀ ਸ਼ਾਮਲ ਹਨ। ਇਹ ਮੁਕਾਬਲੇ 3 ਅਕਤੂਬਰ ਤੱਕ ਚੱਲਣਗੇ। ਇਸ ਮੌਕੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਵਿਅਕਤੀ ਨੂੰ ਅਨੁਸ਼ਾਸਨ, ਤੰਦਰੁਸਤ ਤੇ ਮਾਨਸਿਕ ਤੌਰ ਉਤੇ ਮਜ਼ਬੂਤ ਕਰਦੀਆਂ ਹਨ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਆਉਣ ਲਈ ਜੀ ਆਇਆਂ ਕਿਹਾ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਅੰਗ ਹਨ ਅਤੇ ਇਕ ਤੰਦਰੁਸਤ ਵਿਅਕਤੀ ਹੀ ਦੇਸ਼ ਦਾ ਚੰਗਾ ਨਾਗਰਿਕ ਬਣ ਸਕਦਾ ਹੈ। ਫੈਡਰੇਸ਼ਨ ਦੇ ਵਾਈਸ ਪ੍ਰਧਾਨ ਵਿਜੈਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜਾ ਅਤੇ ਜਿਮਨਾਸਟਿਕ ਦੀ ਪੇਸ਼ਕਾਰੀ ਵੀ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕੇਰਲ, ਰੇਲਵੇ, ਹਰਿਆਣਾ, ਦਿੱਲੀ, ਮਹਾਂਰਾਸ਼ਟਰ ਅਤੇ ਇੰਡੀਅਨ ਯੂਨੀਵਰਸਿਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਦੇ ਸ਼ੁਰੂਆਤੀ ਲੜਕੀਆਂ ਦੇ ਮੈਚ ਵਿੱਚ ਪੰਜਾਬ ਨੇ ਦਿੱਲੀ ਨੂੰ 3-0 (27-25, 26-24, 25-19 ) ਨਾਲ ਹਰਾਇਆ ਅਤੇ ਦੂਜੇ ਲੜਕਿਆਂ ਦੇ ਮੈਚ ਵਿੱਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 3-1 (25-20, 25-20, 23-25, 25-23) ਨਾਲ ਹਰਾਇਆ।