ਅਸਤਾਨਾ (ਕਜ਼ਾਖਸਤਾਨ), 7 ਫਰਵਰੀ
ਭਾਰਤ ਦੀ ਫੈਡਰੇਸ਼ਨ ਕੱਪ ਕੋਚ ਅੰਕਿਤਾ ਭਾਂਬਰੀ ਦਾ ਮੰਨਣਾ ਹੈ ਕਿ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਦੀ ਦੀ ਇੱਥੇ ਫੈਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਵਿਚ ਸਭ ਤੋਂ ਬਿਹਤਰ ਦਰਜਾਬੰਦੀ ਵਾਲੀਆਂ ਖਿਡਾਰਨਾਂ ਨਾਲ ਭਿੜਨਗੀਆਂ ਤਾਂ ਇਨਡੋਰ ਕੋਰਟ ਵਿਚ ਸਰਵਿਸ ਸਭ ਤੋਂ ਅਹਿਮ ਹਥਿਆਰ ਹੋਵੇਗੀ। ਭਾਰਤ ਏਸ਼ੀਆ ਓਸੀਆਨਾ ਗਰੁੱਪ (ਏ) ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਥਾਈਲੈਂਡ ਦੇ ਵਿਰੁੱਧ ਕਰੇਗਾ। ਜਦੋਂ ਕਿ ਸ਼ੁੱਕਰਵਾਰ ਨੂੰ ਟੀਮ ਦਾ ਮੈਚ ਮੇਜ਼ਬਾਨ ਕਜ਼ਾਖਸਤਾਨ ਦੀ ਟੀਮ ਨਾਲ ਹੋਵੇਗਾ, ਜਿਸ ਨੂੰ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ। ਅੰਕਿਤਾ ਰੈਨਾ ਅਤੇ ਕਰਮਨ ਚੰਗੀ ਫਰਮ ਵਿਚ ਹੋਣ ਸਦਕਾ ਭਾਰਤ ਨੂੰ ਥਾਈਲੈਂਡ ਨੂੰ ਹਰਾਉਣ ਵਿਚ ਬਹੁਤੀ ਦਿੱਕਤ ਨਹੀਂ ਆਉਣੀ ਚਾਹੀਦੀ। ਥਾਈਲੈਂਡ ਦੀ ਸਭ ਤੋਂ ਚੰਗੀ ਦਰਜਾਬੰਦੀ ਵਾਲੀ ਖਿਡਾਰਨ ਦੀ ਆਲਮੀ ਦਰਜਾਬੰਦੀ 297 ਹੈ ਅਤੇ ਉਸਦੀ ਸਾਥੀ ਖਿਡਾਰਨ ਪੁਨਿਨ ਕੋਵਾਪਿਤੂਕੇਟ ਦੀ ਆਲਮੀ ਦਰਜਾਬੰਦੀ 657 ਹੈ। ਅੰਕਿਤਾ ਭਾਂਬਰੀ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ,‘ ਇਮਾਨਦਾਰੀ ਨਾਲ ਕਹਾਂ ਤਾਂ ਲੜਕੀਆਂ ਵਿਚ ਆਏ ਸਾਲ ਸੁਧਾਰ ਹੋ ਰਿਹਾ ਹੈ। ਕਰਮਨ ਮਜ਼ਬੂਤ ਅਤੇ ਸਭ ਤੋਂ ਫਿੱਟ ਹੈ। ਅੰਕਿਤਾ ਵੀ ਮਜ਼ਬੂਤ ਹੈ ਅਤੇ ਉਸ ਦੇ ਕੋਲ ਤਜ਼ਬਰਾ ਵੱਧ ਹੈ। ਸ਼ਹਿਰ ਵਿਚ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਥੱਲੇ ਹੋਣ ਕਰਕੇ ਮੈਚ ਇਨਡੋਰ ਸਟੇਡੀਅਮ ਵਿਚ ਖੇਡੇ ਜਾਣਗੇ। ਅੰਕਿਤਾ ਨੇ ਕਿਹਾ ਕਿ ਇਨਡੋਰ ਵਿਚ ਚੰਗੀ ਸਰਵਿਸ ਕਰਨਾ ਅਤੇ ਗੇਂਦ ਤੱਕ ਭੱਜ ਕੇ ਜਾਣਾ ਅਹਿਮ ਹੋਵੇਗਾ। ਜੇ ਤੁਸੀਂ ਅੰਕ ਦੀ ਬਿਹਤਰ ਸ਼ੁਰੂਆਤ ਕਰਦੇ ਹੋ ਤਾਂ ਖਤਮ ਕਰਨ ਦੀ ਵੀ ਸੰਭਾਵਨਾ ਵਧ ਜਾਂਦੀ ਹੈ।’ ਕਜ਼ਾਖਸਤਾਨ ਦੇ ਕੋਲ ਦੁਨੀਆਂ ਦੀ 43 ਨੰਬਰ ਦੀ ਖਿਡਾਰਨ ਯੂਲੀਆ ਪੁਤਿਨਸੇਵਾ ਅਤੇ 96 ਨੰਬਰ ਦੀ ਖਿਡਾਰਨ ਜਰੀਨਾ ਡਿਆਸ ਹੈ ਅਤੇ ਇਨ੍ਹਾਂ ਦੋਨਾਂ ਦੇ ਸਾਹਮਣੇ ਭਾਰਤ ਦੀ ਰਸਤਾ ਸੌਖਾ ਨਹੀਂ ਹੋਵੇਗਾ। ਪੂਲ ਏ ਅਤੇ ਪੂਲ ਬੀ ਦੀਆਂ ਜੇਤੂ ਟੀਮਾਂ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਟੀਮ ਵਿਸ਼ਵ ਗਰੁੱਪ-2 ਵਿਚ ਖੇਡੇਗੀ। ਪੂਲ ਬੀ ਵਿਚ ਚੀਨ, ਕੋਰੀਆ, ਇੰਡੋਨੇਸ਼ੀਆ ਅਤੇ ਪੈਸੇਫਿਕ ਓਸੀਆਨਾ ਸ਼ਾਮਲ ਹਨ।