ਓਟਵਾ, 30 ਨਵੰਬਰ : ਕੋਵਿਡ-19 ਦੇ ਮਾਮਲਿਆਂ ਵਿੱਚ ਦੇਸ਼ ਭਰ ਵਿੱਚ ਹੋ ਰਹੇ ਵਾਧੇ ਤੋਂ ਚਿੰਤਤ ਫੈਡਰਲ ਸਰਕਾਰ ਨੇ ਟਰੈਵਲ ਸਬੰਧੀ ਨਿਯਮਾਂ ਵਿੱਚ ਸਖ਼ਤੀ ਲਿਆਉਣ ਤੇ ਪਾਬੰਦੀਆਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ|
ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਤੇ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੀ ਗਲੋਬਲ ਆਊਟਬ੍ਰੇਕ ਸਮੇਂ ਲਾਗੂ ਕੀਤੇ ਗਏ ਨਿਯਮਾਂ ਨੂੰ ਹੀ ਹੁਣ 21 ਜਨਵਰੀ, 2021 ਤੱਕ ਪ੍ਰਭਾਵੀ ਰੱਖਿਆ ਜਾਵੇਗਾ| ਇਹ ਨਿਯਮ ਤੇ ਪਾਬੰਦੀਆਂ ਅਮਰੀਕਾ ਨੂੰ ਛੱਡ ਕੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਸਾਰੇ ਟਰੈਵਲਰਜ਼ ਉੱਤੇ ਲਾਗੂ ਹੋਣਗੀਆਂ| ਇਨ੍ਹਾਂ ਮੰਤਰੀਆਂ ਨੇ ਆਖਿਆ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਟਰੈਵਲਰਜ਼ ਉੱਤੇ ਪਾਬੰਦੀਆਂ 21 ਦਸੰਬਰ ਤੱਕ ਲਾਈਆ ਗਈਆਂ ਹਨ ਪਰ ਉਨ੍ਹਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ|
ਇਨ੍ਹਾਂ ਨਿਯਮਾਂ ਤਹਿਤ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਹਰ ਸ਼ਖਸ ਨੂੰ 14 ਦਿਨ ਲਈ ਸੈਲਫ ਆਈਸੋਲੇਸ਼ਨ ਵਿੱਚ ਜਾਣਾ ਹੋਵੇਗਾ| ਪਰ ਮੰਤਰੀਆਂ ਨੇ ਇਹ ਵੀ ਆਖਿਆ ਕਿ ਉਹ ਚਾਹੁੰਦੇ ਹਨ ਕਿ ਬਿਹਤਰੀਨ ਕਾਰਗੁਜ਼ਾਰੀ ਵਾਲੀਆਂ ਅਮੈਚਿਓਰ ਸਪੋਰਟਿੰਗ ਆਰਗੇਨਾਈਜ਼ੇਸ਼ਨਜ਼ ਕੈਨੇਡਾ ਵਿੱਚ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਕਰਵਾਉਣ| ਦੋਵਾਂ ਮੰਤਰੀਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਫਲ ਰਹਿਣ ਵਾਲੇ ਬਿਨੈਕਾਰਾਂ ਨੂੰ ਪਬਲਿਕ ਹੈਲਥ ਪਲੈਨ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰ ਤੇ ਸਿਹਤ ਅਧਿਕਾਰੀਆਂ ਤੋਂ ਸਮਰਥਨ ਹਾਸਲ ਕਰਨ ਦਾ ਸਬੂਤ ਵੀ ਦੇਣਾ ਹੋਵੇਗਾ|